The Khalas Tv Blog Punjab ਸਕੂਲ ਖੁੱਲ੍ਹਣ ਦੇ ਥੋੜ੍ਹੇ ਸਮੇਂ ਬਾਅਦ ਹੀ ਕਰਨਾ ਪਿਆ ਬੰਦ, ਮਾਪਿਆਂ ਦੀ ਵਧੀ ਚਿੰਤਾ
Punjab

ਸਕੂਲ ਖੁੱਲ੍ਹਣ ਦੇ ਥੋੜ੍ਹੇ ਸਮੇਂ ਬਾਅਦ ਹੀ ਕਰਨਾ ਪਿਆ ਬੰਦ, ਮਾਪਿਆਂ ਦੀ ਵਧੀ ਚਿੰਤਾ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਮੱਦੇਨਜ਼ਰ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ 6 ਮਹੀਨਿਆਂ ਬਾਅਦ 19 ਅਕਤੂਬਰ ਨੂੰ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਦੀ ਪੜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਖੋਲ੍ਹੇ ਗਏ ਸਨ। ਕੋਰੋਨਾ ਮਹਾਂਮਾਰੀ ਦੀ ਵਜ੍ਹਾ ਕਰਕੇ ਸਕੂਲਾਂ ਵਿੱਚ ਹਾਜ਼ਰੀ 1 ਫ਼ੀਸਦੀ ਹੀ ਦਰਜ ਹੋ ਰਹੀ ਸੀ। ਮਾਪਿਆਂ ਦੇ ਮਨਾਂ ਵਿੱਚ ਕੋਰੋਨਾ ਨੂੰ ਲੈ ਕੇ ਡਰ ਬਣਿਆ ਹੋਇਆ ਹੈ ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ। ਫ਼ਤਿਹਗੜ੍ਹ ਸਾਹਿਬ ਵਿੱਚ ਅਮਲੋਹ ਵਿੱਚ ਇੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਅਧਿਆਪਕ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਰਕੇ ਸਕੂਲ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਦੇ ਤਹਿਤ ਸਕੂਲ ਵਿੱਚ ਕੋਰੋਨਾ ਟੈਸਟ ਕੀਤੇ ਜਾ ਰਹੇ ਸਨ। ਇਸ ਦੌਰਾਨ ਇੱਕ ਅਧਿਆਪਕ ਦਾ ਕੋਰੋਨਾ ਟੈਸਟ ਹੋਇਆ ਤਾਂ ਉਸਦੀ ਰਿਪੋਰਟ ਪਾਜ਼ੀਟਿਵ ਆਈ, ਜਿਸ ਤੋਂ ਬਾਅਦ ਤੁਰੰਤ ਅਧਿਆਪਕ  ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਕੋਰੋਨਾ ਪਾਜ਼ੀਟਿਵ ਅਧਿਆਪਕ ਦੇ ਸੰਪਰਕ ਵਿੱਚ ਆਏ 50 ਵਿਦਿਆਰਥੀਆਂ ਦੇ ਸੈਂਪਲ ਵੀ ਲਏ ਗਏ ਹਨ, ਜਿੰਨਾਂ ਦੀ ਰਿਪੋਰਟ ਹਾਲੇ ਆਉਣੀ ਹੈ। ਰਿਪੋਰਟ ਆਉਣ ਤੱਕ ਬੱਚਿਆਂ ਨੂੰ ਵੀ ਕੁਆਰੰਟੀਨ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।

19 ਅਕਤੂਬਰ ਨੂੰ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ 9ਵੀਂ ਤੋਂ 12 ਤੱਕ ਦੇ ਵਿਦਿਆਰਥੀਆਂ ਦੇ ਲਈ ਸਕੂਲ ਖੋਲ੍ਹੇ ਸਨ। ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਮੁਤਾਬਿਕ ਸਕੂਲ ਨੂੰ ਪੂਰੀ ਤਰ੍ਹਾਂ ਸੈਨੇਟਾਇਜ਼ ਕੀਤਾ ਜਾਵੇਗਾ। ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਦੀ ਲਿਖਤੀ ਮਨਜ਼ੂਰੀ ਜ਼ਰੂਰੀ ਹੋਵੇਗੀ। ਸਕੂਲ ਵਿੱਚ ਸੈਨੇਟਾਈਜ਼ਰ ਦੀ ਵਰਤੋਂ ਹੋਵੇਗੀ, ਬੱਚਿਆਂ ਨੂੰ ਗਰੁੱਪ ਵਿੱਚ ਪੜਾਇਆ ਜਾਵੇਗਾ। ਇਸ ਦੇ ਨਾਲ ਹੀ ਕਲਾਸ ਵਿੱਚ ਵਿਦਿਆਰਥੀਆਂ ਦੇ ਸਿਟਿੰਗ ਅਰੇਜਮੈਂਟ ਵੀ ਇਸ ਤਰ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਕਿ ਵਿਦਿਆਰਥੀਆਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਹੋ ਸਕੇ।

Exit mobile version