The Khalas Tv Blog India ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਕੂਲ ਅਤੇ ਕਾਲਜ ਕੀਤੇ ਬੰਦ
India Punjab

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਕੂਲ ਅਤੇ ਕਾਲਜ ਕੀਤੇ ਬੰਦ

ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ’ਚ 9 ਅਤਿਵਾਦੀ ਠਿਕਾਣਿਆਂ ’ਤੇ ਕੀਤੇ ਹਮਲਿਆਂ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਇਹਨਾਂ ਜ਼ਿਲ੍ਹਿਆਂ ਵਿਚ ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ।

ਬਾਬੂਸ਼ਾਹੀ ਪੰਜਾਬੀ ਦੀ ਖ਼ਬਰ ਦੇ ਮੁਤਾਬਕ ਸਰਹੱਦ ’ਤੇ ਪੈਦਾ ਹੋਏ ਤਣਾਅ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹੇ ਵਿਚ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਬੰਦ ਕਰਨ ਦੀ ਹਦਾਇਤ ਕੀਤੀ ਹੈ।

ਕੌਮਾਂਤਰੀ ਅਟਾਰੀ ਸਰਹੱਦ ’ਤੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਡੀ.ਆਈ.ਜੀ. ਬੀ.ਐਸ.ਐਫ਼. ਅੰਮ੍ਰਿਤਸਰ ਸੈਕਟਰ ਹੈਡ ਕੁਆਰਟਰ ਖਾਸਾ ਵਲੋਂ ਅਟਾਰੀ ਸਰਹੱਦ ਤੇ ਜੇ.ਸੀ.ਪੀ. ਅਤੇ ਆਈ.ਸੀ.ਪੀ. ਦੇ ਬਾਹਰ ਨਫਰੀ ਵਧਾ ਦਿੱਤੀ ਗਈ ਹੈ। ਇੰਟੀਗ੍ਰੇਟਡ ਚੈੱਕ ਪੋਸਟ ਦੇ ਬਾਹਰ ਅਤੇ ਚੁਫੇਰੇ ਬੀ.ਐਸ.ਐਫ਼. ਦੇ ਜਵਾਨ ਵੱਡੀ ਗਿਣਤੀ ਵਿਚ ਡਿਊਟੀ ’ਤੇ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਦੇਸ਼ ਦੀ ਰਾਖੀ ਕੀਤੀ ਜਾ ਸਕੇ। ਜੀਰੋ ਲਾਈਨ ’ਤੇ ਵੀ ਬੀ.ਐਸ.ਐਫ਼. ਗਸ਼ਤ ਕਰਦੀ ਦਿਖਾਈ ਦਿੱਤੀ।

ਜ਼ਿਲ੍ਹਾ ਫ਼ਾਜ਼ਿਲਕਾ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਸਾਂਝੀ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਦੇ ਹੁਕਮਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਕੂਲ ਤੇ ਕਾਲਜ ਤਿੰਨ ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।

Exit mobile version