ਪੰਜਾਬ ਦੇ ਅਮਲੋਹ ਦੇ ਪਿੰਡ ਬਡਗੁਜਰਾਂ ਤੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਾਪਤਾ ਸਰਪੰਚ ਦੀ ਮ੍ਰਿਤਕ ਦੇਹ ਖੰਨਾ ਦੇ ਰੇਲਵੇ ਸਟੇਸ਼ਨ ‘ਤੇ ਸਥਿਤ ਰੇਲਵੇ ਟ੍ਰੈਕ ‘ਤੇ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ ਹੈ। ਖੰਨਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਭੀਮ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜਦੋਂ ਉਨ੍ਹਾਂ ਨੂੰ ਖੰਨਾ ਤੋਂ ਸਰਪੰਚ ਬਲਕਾਰ ਸਿੰਘ ਬਾਰੇ ਫੋਨ ਆਇਆ ਤਾਂ ਉਨ੍ਹਾਂ ਨੇ ਜਾ ਕੇ ਬਲਕਾਰ ਸਿੰਘ ਦੀ ਪਛਾਣ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਕਾਰ ਸਿੰਘ ਪਿਛਲੇ ਕਈ ਦਿਨਾਂ ਤੋਂ ਪਿੰਡ ਦੇ ਚਾਰ-ਪੰਜ ਵਿਅਕਤੀਆਂ ਤੋਂ ਪ੍ਰੇਸ਼ਾਨ ਸੀ। ਇੱਕ ਫੋਨ ਰਿਕਾਰਡਿੰਗ ਅਤੇ ਸੁਸਾਈਡ ਨੋਟ ਵਿੱਚ ਉਸਨੇ ਪਿੰਡ ਦੇ ਕੁਝ ਲੋਕਾਂ ਦਾ ਜ਼ਿਕਰ ਕੀਤਾ ਹੈ, ਜੋ ਉਸਨੂੰ ਬਹੁਤ ਤੰਗ ਕਰਦੇ ਸਨ।
ਭੀਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸਦੇ ਭਰਾ ਬਲਕਾਰ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਉਸਨੂੰ ਨਹੀਂ ਛੱਡਣਗੇ। ਇਸ ਤੋਂ ਦੁਖੀ ਹੋ ਕੇ ਉਸ ਦਾ ਭਰਾ ਕਈ ਦਿਨਾਂ ਤੋਂ ਲਾਪਤਾ ਸੀ, ਜਿਸ ਨੇ ਰੇਲਵੇ ਟਰੈਕ ‘ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਮੰਗ ਕੀਤੀ ਕਿ ਸੁਸਾਈਡ ਨੋਟ ਵਿੱਚ ਦਰਜ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਅਮਲੋਹ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਖੰਨਾ ਰੇਲਵੇ ਪੁਲਿਸ ਅੱਗੇ ਕਾਰਵਾਈ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ‘ਤੇ ਕਾਰਵਾਈ ਕਰਨ ਲਈ ਦਬਾਅ ਪਾਇਆ ਗਿਆ। ਦੂਜੇ ਪਾਸੇ ਪੰਚਾਂ-ਸਰਪੰਚਾਂ ਅਤੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਬਲਕਾਰ ਸਿੰਘ ਦੇ ਸੁਸਾਈਡ ਨੋਟ ਅਤੇ ਅਵਾਜ਼ ਰਿਕਾਰਡਿੰਗ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਵਾਰ-ਵਾਰ ਦਰਜ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।