ਸੰਗਰੂਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ( Amritpal Singh) ਖਿਲਾਫ਼ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਚੱਲਦਿਆਂ ਅਫਵਾਹਾਂ ਤੋਂ ਬਚਣ ਲਈ ਸੰਗਰੂਰ ਪੁਲਿਸ ਨੇ ਆਮ ਲੋਕਾਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਸੰਗਰੂਰ ਪੁਲਿਸ ਨੇ 112 ਹੈਲਪਲਾਈਨ ਨੰਬਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਅਫਵਾਹ ਫੈਲਾਉਂਦਾ ਹੈ ਤਾਂ ਉਸ ਉੱਤੇ ਯਕੀਨ ਕਰਨ ਦੀ ਬਜਾਏ ਇਸ ਨੰਬਰ ਉੱਤੇ ਸ਼ਿਕਾਇਤ ਦਰਜ ਕਰਵਾਈ ਜਾਵੇ ਅਤੇ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜ਼ਿਲ੍ਹਾ ਸੰਗਰੂਰ ਵਿਖੇ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਵਿਗਾੜ ਪੈਦਾ ਕਰਨ ਲਈ ਕਿਸੇ ਵੀ ਤਰ੍ਹਾਂ ਨਾਲ ਅਫਵਾਹ ਪੈਦਾ ਕਰਦਾ ਜਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਐਸ.ਐਸ.ਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੁਲਿਸ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਲਈ ਏ.ਆਰ.ਪੀ ਟੀਮਾਂ, ਸਟੇਟ ਆਰਮਡ ਬਟਾਲੀਅਨ ਅਤੇ ਕੁਝ ਪੈਰਾ ਮਿਲਟਰੀ ਦੇ ਜਵਾਨਾਂ ਸਮੇਤ ਕਰੀਬ 1200 ਮੁਲਾਜ਼ਮ ਤਾਇਨਾਤ ਹਨ ਅਤੇ ਵੱਖ ਵੱਖ ਸ਼ਿਫਟਾਂ ਵਿੱਚ 14 ਥਾਵਾਂ ’ਤੇ ਨਾਕੇ ਚੱਲ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹਾ ਕੋਈ ਮਸਲਾ ਨਹੀਂ ਹੈ ਜਿਸ ’ਤੇ ਚਿੰਤਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।