ਸੰਗਰੂਰ ਲੋਕ ਸਭਾ ਸੀਟ ਪੰਜਾਬ ਦੀ ਲੋਕ ਸਭਾ ਚੋਣਾਂ 2024 ਲਈ ਹੌਟ ਸੀਟ ਬਣ ਚੁੱਕੀ ਹੈ। ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਸੰਗਰੂਰ ਦੇ ਚੋਣ ਸਮੀਕਰਨ ਲਗਾਤਾਰ ਬਦਲ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਹੁਣ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦੇ ਸਕਦੀ ਹੈ, ਜਿਸ ਦਾ ਪਾਰਟੀ ਇੱਕ-ਦੋ ਦਿਨਾਂ ਵਿੱਚ ਐਲਾਨ ਕਰ ਸਕਦੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇ ਦੋ ਮੁੱਖ ਦਾਅਵੇਦਾਰ ਹਨ, ਜਿਨ੍ਹਾਂ ਵਿੱਚੋਂ ਪਹਿਲਾ ਨਾਂ ਅਰਵਿੰਦ ਖੰਨਾ ਅਤੇ ਦੂਜਾ ਕੇਵਲ ਸਿੰਘ ਢਿੱਲੋਂ ਦਾ ਨਾਂ ਸਾਹਮਣੇ ਆ ਰਿਹਾ ਸੀ। ਪਰ ਇਹ ਦੋਵੇੇਂ ਦਾਅਵੇਦਾਰੀ ਤੋਂ ਪਿੱਛੇ ਹਟ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਖੰਨਾ ਤੇ ਕੇਵਲ ਢਿੱਲੋਂ, ਦੋਵਾਂ ਨੇ ਚੋਣ ਲੜਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਤੇ ਹੁਣ ਦੋਵੇਂ ਆਗੂ ਇਸ ਸੀਟ ਤੋਂ ਚੋਣ ਲੜਨ ਵਾਲੇ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣਗੇ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਦਲਵੀਰ ਸਿੰਘ ਗੋਲਡੀ ਅੱਜ ਕਿਸੇ ਵੀ ਸਮੇਂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਤੋਂ ਬਾਅਦ ਪਾਰਟੀ ਉਨ੍ਹਾਂ ਨੂੰ ਸੰਗਰੂਰ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ।
ਸੰਗਰੂਰ ਦੀ ਸੀਟ ਤੋਂ ਭਾਜਪਾ ਵੱਲੋਂ ਅਰਵਿੰਦ ਖੰਨਾ ਦਾ ਨਾਂ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਅਤੇ ਉਹ ਕਾਫੀ ਸਮੇਂ ਤੋਂ ਚੋਣ ਸਰਗਰਮੀਆਂ ‘ਚ ਲੱਗੇ ਹੋਏ ਸਨ। ਸੂਤਰਾਂ ਮੁਤਾਬਕ ਖੰਨਾ ਨੇ ਚੋਣ ਲੜਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਫਿਲਹਾਲ ਇਸ ਸਮੇਂ ‘ਆਪ’ ਤੋਂ ਮੀਤ ਹੇਅਰ, ਕਾਂਗਰਸ ਤੋਂ ਸੁਖਪਾਲ ਖਹਿਰਾ ਅਤੇ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਚੋਣ ਮੈਦਾਨ ਵਿੱਚ ਹਨ।
ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੀ ਸੀਟ ਦਾ ਐਲਾਨ ਹੁੰਦੇ ਹੀ ਭਾਜਪਾ ਨੂੰ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਹਮਾਇਤ ਵੀ ਮਿਲ ਸਕਦੀ ਹੈ ਕਿਉਂਕਿ ਢੀਂਡਸਾ ਆਪਣੇ ਬੇਟੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦਿਵਾਉਣ ਵਿਚ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹਨ।