The Khalas Tv Blog India ਸੰਦੀਪ ਪਾਠਕ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪੰਜਾਬ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਦਰਜ
India Punjab Video

ਸੰਦੀਪ ਪਾਠਕ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪੰਜਾਬ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਦਰਜ

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਵਿਰੁੱਧ ਪੰਜਾਬ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਹੈ, ਜਦਕਿ ਦੂਜਾ ਇੱਕ ਔਰਤ ਦੇ ਸ਼ੋਸ਼ਣ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਦੇ ਅਨੁਸਾਰ, ਇਹ ਮਾਮਲੇ ਗੈਰ-ਜ਼ਮਾਨਤੀ ਧਾਰਾਵਾਂ ਹੇਠ ਦਰਜ ਕੀਤੇ ਗਏ ਹਨ, ਜਿਸ ਕਾਰਨ ਸੰਦੀਪ ਪਾਠਕ ਦੀ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ।

ਖ਼ਬਰਾਂ ਮੁਤਾਬਕ, ਪੰਜਾਬ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਸੰਦੀਪ ਪਾਠਕ ਆਪਣਾ ਦਿੱਲੀ ਵਾਲਾ ਨਿਵਾਸ ਛੱਡ ਕੇ ਚਲੇ ਗਏ ਸਨ। ਜਦੋਂ ਮੀਡੀਆ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਜਲਦੀ ਵਿੱਚ ਆਪਣੀ ਕਾਰ ਵਿੱਚ ਬੈਠ ਕੇ ਉਥੋਂ ਰਵਾਨਾ ਹੋ ਗਏ। ਇਸ ਦਰਮਿਆਨ ਪੰਜਾਬ ਪੁਲਿਸ ਦੀ ਟੀਮ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੱਕ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਹਾਲਾਂਕਿ, ਇਸ ਮਾਮਲੇ ‘ਤੇ ਪੰਜਾਬ ਪੁਲਿਸ ਜਾਂ ਸਰਕਾਰੀ ਪੱਖ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਪਾਠਕ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। 25 ਅਪ੍ਰੈਲ ਨੂੰ ਉਹ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਦੇ ਨਾਲ ਭਾਜਪਾ ਵਿੱਚ ਗਏ ਸਨ। ਇਸ ਤੋਂ ਪਹਿਲਾਂ ਵੀ ‘ਆਪ’ ਸਰਕਾਰ ਵੱਲੋਂ ਪਾਰਟੀ ਛੱਡਣ ਵਾਲੇ ਇੱਕ ਹੋਰ ਸੰਸਦ ਮੈਂਬਰ ਰਾਜਿੰਦਰ ਗੁਪਤਾ ਨਾਲ ਸੰਬੰਧਿਤ ਟ੍ਰਾਈਡੈਂਟ ਫੈਕਟਰੀ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਨਾਲ ਰਾਜਨੀਤਿਕ ਮਾਹੌਲ ਹੋਰ ਵੀ ਗਰਮਾਇਆ ਹੋਇਆ ਹੈ।

ਇਹ ਸਿਰਫ਼ ਇਕ ਕੇਸ ਨਹੀਂ—ਇਹ ਡਰ , ਘਬਰਾਹਟ ਤੇ ਬਦਲਾਖ਼ੋਰੀ ਦੀ ਰਾਜਨੀਤੀ ਹੈ – ਅਸ਼ਵਨੀ ਸ਼ਰਮਾ 

ਇਸ ਮਾਮਲੇ ਨੂੰ ਲੈ ਕੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਹੀਂ, ਹੁਣ ਸਿਆਸੀ ਬਦਲਾਖ਼ੋਰੀ ਦਾ ਹੁਕਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਡਰ ਆਇਆ ਸਾਹਮਣੇ ਹੈ।

ਸ਼ਰਮਾ ਨੇ ਕਿਹਾ ਕਿ ਰਾਜ ਸਭਾ ਸੰਸਦ ਮੈਂਬਰ ਸੰਦੀਪ ਪਾਠਕ ਜੀ ਨੇ ਜਿਵੇਂ ਹੀ AAP ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ, ਉਸ ਤੋਂ ਬਾਅਦ ਉਹਨਾਂ ਵਿਰੁੱਧ ਪੰਜਾਬ ਵਿੱਚ ਗੈਰ-ਜ਼ਮਾਨਤੀ ਐਫ਼ਆਈਆਰ ਦਰਜ ਹੋ ਜਾਣਾ ਸਾਫ਼ ਦੱਸਦਾ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪੁਲਿਸ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਹ ਸਿਰਫ਼ ਇਕ ਕੇਸ ਨਹੀਂ ਇਹ ਡਰ , ਘਬਰਾਹਟ ਤੇ ਬਦਲਾਖ਼ੋਰੀ ਦੀ ਰਾਜਨੀਤੀ ਹੈ। ਪਹਿਲਾਂ ਵੀ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਨ ਲਈ ਪੁਲਿਸ ਦਾ ਇਸਤੇਮਾਲ ਕੀਤਾ ਗਿਆ, ਅੱਜ ਫਿਰ ਉਹੀ ਦੁਹਰਾਇਆ ਜਾ ਰਿਹਾ ਹੈ। ਗੈਰ-ਜ਼ਮਾਨਤੀ ਧਾਰਾਵਾਂ, ਤੁਰੰਤ ਕਾਰਵਾਈ ਦੀ ਧਮਕੀ ਕਾਨੂੰਨ ਦੀ ਆੜ ਵਿੱਚ ਸਿਆਸੀ ਏਜੰਡਾ ਲਾਗੂ ਕਰਨ ਦੀ ਸ਼ਰਮਨਾਕ ਹਰਕਤ ਹੈ।

ਸੰਦੀਪ ਪਾਠਕ ਸਿਰਫ਼ ਇੱਕ ਸੰਸਦ ਮੈਂਬਰ ਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਇੱਕ ਮਹੱਤਵਪੂਰਨ ਚੋਣ ਰਣਨੀਤੀਕਾਰ ਵੀ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਵੱਡੀ ਜਿੱਤ ਵਿੱਚ ਉਨ੍ਹਾਂ ਦੀ ਭੂਮਿਕਾ ਕੇਂਦਰੀ ਮੰਨੀ ਜਾਂਦੀ ਹੈ। ਉਨ੍ਹਾਂ ਨੇ ਉਮੀਦਵਾਰ ਚੋਣ, ਮੁਹਿੰਮ ਦੀ ਯੋਜਨਾ, ਸਰੋਤਾਂ ਦਾ ਪ੍ਰਬੰਧ ਅਤੇ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ।

ਇਸ ਤੋਂ ਇਲਾਵਾ, ਉਨ੍ਹਾਂ ਨੂੰ ਗੁਜਰਾਤ ਅਤੇ ਗੋਆ ਵਰਗੇ ਰਾਜਾਂ ਵਿੱਚ ਪਾਰਟੀ ਦੇ ਵਿਸਥਾਰ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ। ਬੂਥ ਪੱਧਰ ‘ਤੇ ਮਜ਼ਬੂਤ ਢਾਂਚਾ ਤਿਆਰ ਕਰਨ ਵਿੱਚ ਉਨ੍ਹਾਂ ਦੀ ਖਾਸ ਭੂਮਿਕਾ ਰਹੀ, ਜਿਸ ਕਾਰਨ ਉਹ ਪਾਰਟੀ ਦੀ ਚੋਣ ਮਸ਼ੀਨਰੀ ਦਾ ਅਹਿਮ ਹਿੱਸਾ ਮੰਨੇ ਜਾਂਦੇ ਸਨ।

Exit mobile version