ਚੰਡੀਗੜ੍ਹ : ਪ੍ਰਸਿਧ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੇ ਪਤੀ ਦੇ ਕਾਤਲਾਂ ਨੂੰ ਹਾਲੇ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ। ਨਾ ਸਿਰਫ਼ ਕਤਲ ਦੀ ਸਾਜਿਸ ਰੱਚਣ ਵਾਲੇ,ਸਗੋਂ ਇਸ ਮਾਮਲੇ ਨਾਲ ਸੰਬੰਧ ਰੱਖਣ ਵਾਲੇ 4 ਸ਼ਾਰਪ ਸ਼ੂਟਰ ਵੀ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।
ਹਾਲੇ ਤੱਕ ਪੁਲਿਸ ਨੇ ਸਿਰਫ਼ ਇੰਨੀ ਕੁ ਕਾਰਵਾਈ ਕੀਤੀ ਹੈ ਕਿ ਪਨਾਹ ਦੇਣ ਵਾਲਿਆਂ ਤੇ ਰੇਕੀ ਕਰਨ ਵਾਲਿਆਂ ‘ਤੇ ਹੀ ਕਾਰਵਾਈ ਹੋਈ ਹੈ। ਮਰਹੂਮ ਖਿਡਾਰੀ ਦੀ ਪਤਨੀ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਮਾਰ ਕੇ ਕਬੱਡੀ ਨੂੰ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰੁਪਿੰਦਰ ਕੌਰ ਨੇ ,ਸੁਰਜ਼ਨ ਸਿੰਘ ਚੱਠਾ,ਸਨੋਬਰ ਢਿੱਲੋਂ,ਸਰਬਜੀਤ ਸਿੰਘ ,ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀਆਂ ਦੇ ਸਿੱਧੇ ਨਾਂ ਲਏ ਹਨ ਤੇ ਇਹਨਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸੰਦੀਪ ਦੀ ਪਤਨੀ ਤੋਂ ਇਲਾਵਾ ਉਸ ਦਾ ਭਰਾ ਤੇ ਹੋਰ ਸਾਥੀ ਵੀ ਅੱਜ ਚੰਡੀਗੜ੍ਹ ਪਹੁੰਚੇ ਤੇ ਮੀਡੀਆ ਨਾਲ ਰੂਬਰੂ ਹੋਏ । ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿਤੀ ਹੈ ਕਿ ਪੁਲਿਸ ਨੇ ਇਸ ਮਾਮਲੇ ਨਾਲ ਕਿਸੇ ਵੀ ਗੈਂਗਸਟਰ ਦਾ ਸੰਬੰਧ ਹੋਣ ਤੋਂ ਇੰਨਕਾਰ ਕੀਤਾ ਹੈ।
ਇੱਕ ਵਿਅਕਤੀ ਸਨੋਬਰ ਢਿੱਲੋਂ ਦਾ ਸਿੱਧਾ ਨਾਂ ਲੈਂਦੇ ਹੋਏ ਉਹਨਾਂ ਇਹ ਕਿਹਾ ਕਿ ਇਸ ਨੇ ਸਾਰੇ ਲਿੰਕ ਬਣਾਏ ਤੇ ਸ਼ੂਟਰਾਂ ਦਾ ਇੰਤਜ਼ਾਮ ਕੀਤਾ। ਇਹਨਾਂ ਦਾ ਮੁੱਖ ਮਕਸਦ ਸਾਰਿਆਂ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਸੰਦੀਪ ਕਬੱਡੀ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਸੀ,ਜਿਸ ਕਾਰਨ ਉਸ ਨੂੰ ਖ਼ਤਮ ਕਰ ਦਿੱਤਾ ਗਿਆ।
ਇਸ ਦੌਰਾਨ ਸੰਦੀਪ ਦੇ ਵਿਦੇਸ਼ ਵਸਦੇ ਭਰਾ ਨੇ ਸਾਫ਼ ਕੀਤਾ ਕਿ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਧਮਕੀ ਨਹੀਂ ਆਈ ਹੈ ਪਰ ਆਪਣੇ ਮਰਹੂਮ ਭਰਾ ਲਈ ਇਨਸਾਫ਼ ਦੀ ਮੰਗ ਜਰੂਰ ਉਹ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਸਾਲ 14 ਮਾਰਚ 2022 ਨੂੰ ਜਲੰਧਰ ਲਾਗੇ ਚੱਲ ਰਹੇ ਇੱਕ ਖੇਡ ਮੁਕਾਬਲੇ ਦੌਰਾਨ ਪ੍ਰਸਿਧ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਕੇਸ ਵਿੱਚ 25 ਵਿਅਕਤੀਆਂ ਦੇ ਨਾਂ ਨਾਮਜ਼ਦ ਹੋਏ ਸਨ,ਜਿਹਨਾਂ ਵਿੱਚ ਕੁਝ ਦੇ ਖਿਲਾਫ਼ ਕਾਰਵਾਈ ਹੋਈ ਹੈ।