The Khalas Tv Blog India ਕਰੋਨਾ ਕਾਲ ‘ਚ ਕਿਸਾਨ ਆਏ ਅੱਗੇ, ਦਿੱਲੀ ਦੇ ਇਸ ਹਸਪਤਾਲ ਨੂੰ ਦੇਣਗੇ 20 ਸਟਰੈਚਰ
India Punjab

ਕਰੋਨਾ ਕਾਲ ‘ਚ ਕਿਸਾਨ ਆਏ ਅੱਗੇ, ਦਿੱਲੀ ਦੇ ਇਸ ਹਸਪਤਾਲ ਨੂੰ ਦੇਣਗੇ 20 ਸਟਰੈਚਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਅੱਜ ਕਰੋਨਾ ਮਹਾਂਮਾਰੀ ਕਾਰਨ ਮਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਿਸਾਨ ਮੋਰਚੇ ਵੱਲੋਂ ਸ਼ਹੀਦ ਭਗਤ ਸਿੰਘ ਯੂਥ ਬ੍ਰਿਗੇਡ ਦੇ ਸਹਿਯੋਗ ਨਾਲ ਦਿੱਲੀ ਦੇ ਰਾਜਾ ਹਰੀਸ਼ਚੰਦਰ ਹਸਪਤਾਲ ਦੇ ਬਾਹਰ ਲੰਗਰ ਦੀ ਸੇਵਾ ਕੀਤੀ ਗਈ। ਕਿਸਾਨ ਲੀਡਰਾਂ ਨੇ ਕੱਲ੍ਹ ਇਸ ਹਸਪਤਾਲ ਨੂੰ 20 ਸਟਰੈਚਰ ਦੇਣ ਦਾ ਵੀ ਐਲਾਨ ਕੀਤਾ।  ਸਾਰੇ ਡਾਕਟਰਾਂ ਨੇ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਕਰਨ ਦੀ ਯੋਜਨਾ ਬਣਾਈ।

ਕਿਸਾਨ ਲੀਡਰਾਂ ਨੇ ਕਿਹਾ ਕਿ ਮਾੜੀਆਂ ਸਿਹਤ ਸਹੂਲਤਾਂ ਕਾਰਨ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਕੋਨਿਆਂ ਵਿੱਚੋਂ ਦੁੱਖ ਭਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਿਸਾਨ ਲੀਡਰਾਂ ਨੇ ਕਰੋਨਾ ਮਹਾਂਮਾਰੀ ਵਿੱਚ ਸਰਕਾਰ ਨੂੰ ਆਕਸੀਜਨ, ਦਵਾਈਆਂ, ਐਂਬੂਲੈਂਸਾਂ ਦੇ ਨਾਮ ‘ਤੇ ਹੋ ਰਹੇ ਗੈਰ-ਕਾਨੂੰਨੀ ਵਪਾਰ ‘ਤੇ ਰੋਕ ਲਗਾਉਣ ਅਤੇ ਜਨਤਕ ਸਿਹਤ ਦੇ ਅਧਿਕਾਰਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।

ਕਿਸਾਨੀ ਸੰਘਰਸ਼ ਦੀ ਦੱਸੀ ਮਹਾਨਤਾ

ਦੇਸ਼ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ।  ਕਿਸਾਨ ਆਪਣੀ ਮੁੱਢਲੀ ਸਹੂਲਤ ਐੱਮਐੱਸਪੀ ਲਈ ਹੀ ਲੜ ਰਹੇ ਹਨ। ਕਿਸਾਨੀ ਲਹਿਰ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ। ਕਾਰਪੋਰੇਟ ਪੱਖ ਦੀਆਂ ਨੀਤੀਆਂ ਨਾਲ ਗਰੀਬ ਲੋਕਾਂ ਦੀਆਂ ਜ਼ਰੂਰਤਾਂ ਨੂੰ ਕਾਰੋਬਾਰ ਬਣਾ ਲਿਆ ਗਿਆ ਹੈ ਅਤੇ ਸੰਘਰਸ਼ ਕਰਕੇ ਹੀ ਇਸ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ।

ਬਾਰਦਾਨੇ ਦੀ ਕਮੀ ਤੇ ਜਤਾਈ ਚਿੰਤਾ

ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿੱਚ ਬੈਠਣਾ ਪੈਂਦਾ ਹੈ।  ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਹੋ ਰਹੀ। ਸਰਕਾਰ ਵੱਲੋਂ ਮੰਡੀ ਪ੍ਰਣਾਲੀ ਨੂੰ ਖਤਮ ਕਰਨ ਲਈ ਇਹ ਸਾਰੇ ਯਤਨ ਕੀਤੇ ਜਾ ਰਹੇ ਹਨ। ਖੇਤੀਬਾੜੀ ਸੈਕਟਰ ਦਾ ਨਿੱਜੀਕਰਨ ਵੀ ਇੱਕ ਵੱਡਾ ਸੰਕਟ ਪੈਦਾ ਕਰੇਗਾ, ਜਿਸ ਵਿੱਚ ਕਿਸਾਨਾਂ ਦੀ ਬਰਬਾਦੀ ਹੀ ਹੋਵੇਗੀ। ਇਸ ਲਈ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮਐੱਸਪੀ ‘ਤੇ ਇੱਕ ਕਾਨੂੰਨ ਬਣਾਉਣਾ ਚਾਹੁੰਦੇ ਹਨ।

ਟੋਲ ਪਲਾਜ਼ਾ ਟੈਕਸ ਫ੍ਰੀ ਕਰਨ ਵਾਲੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਕਿਸਾਨ ਲੀਡਰਾਂ ਨੇ ਕਿਹਾ ਕਿ ਕੇਐੱਮਪੀ ਟੋਲ ਪਲਾਜ਼ਾ ਟੈਕਸ ਫ੍ਰੀ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰ ਅਭੀਮੰਨਿਯੂ ਕੋਹਾੜ ਸਮੇਤ 140 ਕਿਸਾਨਾਂ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ। ਕਿਸਾਨ ਲੀਡਰਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ, ਟੋਲ ਪਲਾਜ਼ਾ ਵੀ ਮੁਫਤ ਰਹਿਣਗੇ।

Exit mobile version