The Khalas Tv Blog India ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਵਾਲੀਆਂ ਥਾਂਵਾਂ ‘ਤੇ ਪੱਕੇ ਘਰ ਨਾ ਬਣਾਉਣ ਦੀ ਕੀਤੀ ਅਪੀਲ
India Punjab

ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਵਾਲੀਆਂ ਥਾਂਵਾਂ ‘ਤੇ ਪੱਕੇ ਘਰ ਨਾ ਬਣਾਉਣ ਦੀ ਕੀਤੀ ਅਪੀਲ

New Delhi, Jan 02 (ANI): Farmer leaders Darshan pal, BS Rajewal, Gurnam Singh Charuni, Jagjit Singh Dallewal, Political activist Yogendra Yadav and others during a press conference in New Delhi on Saturday. (ANI Photo)

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਮੋਰਚਿਆਂ ਨਾਲ ਸਬੰਧਿਤ ਥਾਂਵਾਂ ’ਤੇ ਕੋਈ ਪੱਕੇ ਮਕਾਨ ਨਾ ਬਣਾਉਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਇਹ ਫ਼ੈਸਲਾ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕੁੱਝ ਪੱਕੇ ਕਮਰਿਆਂ ਦੀ ਉਸਾਰੀ ਦੇ ਸਬੰਧ ਵਿੱਚ ਲਿਆ ਹੈ।

ਕਿਸਾਨ ਲੀਡਰਾਂ ਵੱਲੋਂ ਪੱਛਮੀ ਬੰਗਾਲ ਦੌਰੇ ‘ਤੇ ਕੀਤੀਆਂ ਜਾ ਰਹੀਆਂ ਲਗਾਤਾਰ ਕਿਸਾਨ-ਮਹਾਂਪੰਚਾਇਤਾਂ ਰਾਹੀਂ ਵੋਟਰਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨੇ ਸਿੰਗੂਰ ਅਤੇ ਆਸਨਸੋਲ ਵਿੱਚ ਮਹਾਂ ਪੰਚਾਇਤਾਂ ਨੂੰ ਸੰਬੋਧਿਤ ਕੀਤਾ।

ਕਿਸਾਨ ਲੀਡਰਾਂ ਨੇ ਕਿਸਾਨੀ ਅੰਦੋਲਨ ਦੌਰਾਨ ਗ੍ਰਿਫਤਾਰ ਹੋਏ ਕਿਸਾਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਲ ਕਿਲ੍ਹੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਵੱਖ-ਵੱਖ ਐੱਫਆਈਆਰਜ਼ ਵਿੱਚ ਗ੍ਰਿਫ਼ਤਾਰ ਹੋਏ 151 ਕਿਸਾਨਾਂ ਵਿੱਚੋਂ ਹੁਣ ਤੱਕ 147 ਕਿਸਾਨ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਬਹੁਤ ਸਾਰੇ ਕਿਸਾਨ/ਨੌਜਵਾਨ ਧਰਨਿਆਂ ‘ਤੇ ਵਾਪਸ ਪਰਤ ਆਏ ਹਨ। ਜਦਕਿ 4 ਕਿਸਾਨ (ਤਿੰਨ ਪੰਜਾਬ ਤੋਂ ਅਤੇ ਇੱਕ ਹਰਿਆਣਾ ਤੋਂ) ਜ਼ਮਾਨਤ ਦਾ ਇੰਤਜ਼ਾਰ ਕਰ ਰਹੇ ਹਨ।  29 ਜਨਵਰੀ, 2021 ਨੂੰ ਗ੍ਰਿਫਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਹੁਣ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਜਾਵੇਗੀ।

ਕਿਸਾਨ ਲੀਡਰਾਂ ਨੇ ਕਿਹਾ ਕਿ ਯੂਨਾਈਟਿਡ ਕਿੰਗਡਮ ਦੇ ਹਾਊਸ ਆਫ ਕਾਮਨਜ਼ ਵਿੱਚ ਕਿਸਾਨੀ ਅੰਦੋਲਨ ਉੱਤੇ ਬਹਿਸ ਤੋਂ ਬਾਅਦ ਆਸਟਰੇਲੀਆ ਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਵਿੱਚ ਇੱਕ ਬਹਿਸ ਹੋ ਸਕਦੀ ਹੈ, ਜੋ ਸਦਨ ਵਿੱਚ ਪਟੀਸ਼ਨ ਰਾਹੀਂ ਇਹ ਮਾਮਲਾ ਉਠਾ ਸਕਦੀ ਹੈ।

ਕਿਸਾਨ ਲੀਡਰਾਂ ਨੇ ਦੱਸਿਆ ਕਿ ਉੜੀਸਾ ‘ਚ ਜਾਰੀ ਕਿਸਾਨ-ਯਾਤਰਾ ਰਾਏਗਾੜਾ ਜ਼ਿਲ੍ਹੇ ਦੇ ਗੁਣੂਪੁਰ ਪਹੁੰਚੀ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। 7 ਵੱਖ-ਵੱਖ ਇਲਾਕਿਆਂ ‘ਚ ਪਹੁੰਚਣ ਵਾਲੀ ਇਹ ਯਾਤਰਾ ਚੌਥੇ ਦਿਨ ‘ਚ ਦਾਖ਼ਲ ਹੋ ਗਈ ਹੈ। ਇਹ ਯਾਤਰਾ ਪੂਰੇ ਬਿਹਾਰ ਵਿੱਚ ਵੀ ਕਿਸਾਨਾਂ ਨੂੰ ਜਾਗਰੂਕ ਕਰੇਗੀ।

ਅੱਜ ਰੰਗਕਰਮੀਆਂ ਦੇ “ਦਿ ਪਾਰਟੀਕਲ ਕੁਲੈਕਟਿਵ” ਨੇ ਸਿੰਘੂ ਬਾਰਡਰ ‘ਤੇ ਇੱਕ ਨਾਟਕ “ਦਾਣਾ-ਦਾਣਾ ਇਨਕਲਾਬ” ਪੇਸ਼ ਕੀਤਾ।  ਇਸ ਨਾਟਕ ਵਿੱਚ ਕਿਸਾਨ ਅੰਦੋਲਨ ਦੇ ਗੀਤ ਵੀ ਸ਼ਾਮਲ ਕੀਤੇ ਗਏ ਸਨ।  ਕਲਾਕਾਰਾਂ ਨੇ ਕਲਾ ਦੇ ਸਹੀ ਅਰਥਾਂ ਨੂੰ ਸਮਝਦਿਆਂ ਸਰਕਾਰਾਂ ਦੇ ਹਮਲਿਆਂ ‘ਤੇ ਵਿਅੰਗ ਕੱਸਿਆ ਅਤੇ ਕਿਸਾਨੀ ਲਹਿਰ ਦਾ ਖੁੱਲ੍ਹ ਕੇ ਸਮਰਥਨ ਕੀਤਾ।

ਉਤਰਾਖੰਡ ਤੋਂ ਸ਼ੁਰੂ ਹੋਈ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਦਾ ਅੱਜ ਨੌਵਾਂ ਦਿਨ ਸੀ।  ਅੱਜ ਯਾਤਰਾ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਖੁੱਟਾਰ ਤੋਂ ਸ਼ੁਰੂ ਹੋਈ।  ਇਹ ਯਾਤਰਾ 300 ਤੋਂ ਵੱਧ ਪਿੰਡ ਅਤੇ 20 ਤੋਂ ਵੱਧ ਸ਼ਹਿਰਾਂ ਵਿੱਚੋਂ ਲੰਘੀ ਹੈ। ਹੁਣ ਤੱਕ 600 ਕਿਲੋਮੀਟਰ ਦੀ ਯਾਤਰਾ ਪੂਰੀ ਹੋ ਚੁਕੀ ਹੈ।

ਬੀ.ਕੇ.ਯੂ ਅਤੇ ਏ.ਆਈ.ਕੇ.ਐੱਮ.ਐੱਸ ਦੀ ਅਗਵਾਈ ਵਿੱਚ ਕਿਸਾਨ ਅੱਜ ਇਲਾਹਾਬਾਦ ਰੀਵਾ ਰੋਡ ‘ਤੇ ਹੈਰੋ ਟੋਲ ਪਲਾਜ਼ਾ ‘ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ‘ਚ ਇਕੱਠੇ ਹੋਏ। ਲੋਕਾਂ ਨੇ 3 ਖੇਤੀ ਕਾਨੂੰਨਾਂ ਦੇ ਰੱਦ ਕੀਤੇ ਜਾਣ ਦੀ ਮੰਗ ਕੀਤੀ ਅਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਨਾਅਰੇਬਾਜ਼ੀ ਕਰਕੇ ਗੁੱਸਾ ਜ਼ਾਹਰ ਕੀਤਾ।

Exit mobile version