The Khalas Tv Blog Punjab ਸਮਾਣਾ ਬੇਅਦਬੀ ਮਾਮਲੇ ’ਚ ਪੁਲਿਸ ਦਾ ਵੱਡਾ ਖ਼ੁਲਾਸਾ! “ਬੱਚੇ ਵੱਲੋਂ ਅਣਜਾਣਪੁਣੇ ’ਚ ਹੋਈ ਗ਼ਲਤੀ”
Punjab Religion

ਸਮਾਣਾ ਬੇਅਦਬੀ ਮਾਮਲੇ ’ਚ ਪੁਲਿਸ ਦਾ ਵੱਡਾ ਖ਼ੁਲਾਸਾ! “ਬੱਚੇ ਵੱਲੋਂ ਅਣਜਾਣਪੁਣੇ ’ਚ ਹੋਈ ਗ਼ਲਤੀ”

ਸਮਾਣਾ (18 ਮਾਰਚ, 2026): ਸਮਾਣਾ ਦੇ ਭਵਾਨੀਗੜ੍ਹ ਰੋਡ ’ਤੇ ਬੀਤੇ ਦਿਨੀਂ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ਨੂੰ ਪਟਿਆਲਾ ਪੁਲਿਸ ਨੇ ਟਰੇਸ ਕਰ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣਬੁੱਝ ਕੇ ਨਹੀਂ, ਸਗੋਂ ਇੱਕ ਛੋਟੇ ਬੱਚੇ ਵੱਲੋਂ ਅਣਜਾਣਪੁਣੇ ਵਿੱਚ ਹੋਈ ਗਲਤੀ ਹੈ।

ਸਮਾਣਾ ਦੇ ਬਾਜ਼ਾਰ ਵਿੱਚ ‘ਲੁਥਰਾ ਪ੍ਰਾਪਰਟੀ ਡੀਲਰ’ ਦੀ ਦੁਕਾਨ ਦੇ ਬਾਹਰ ਗੁਟਕਾ ਸਾਹਿਬ ਦੇ ਪਾਵਨ ਅੰਗ (ਪੱਤਰੇ) ਖਿੱਲਰੇ ਹੋਏ ਮਿਲੇ ਸਨ। ਇਸ ਘਟਨਾ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ FIR ਨੰਬਰ 43 (ਮਿਤੀ 17 ਮਾਰਚ 2026) ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਕਿਵੇਂ ਸੁਲਝਿਆ ਮਾਮਲਾ? 

ਐਸ.ਐਸ.ਪੀ. ਪਟਿਆਲਾ ਵਰੁਣ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਨੇ ਇਲਾਕੇ ਦੇ ਸੀਸੀਟੀਵੀ (CCTV) ਕੈਮਰੇ ਖੰਗਾਲੇ। ਫੁਟੇਜ ਵਿੱਚ ਇੱਕ ਈ-ਰਿਕਸ਼ਾ ਨਜ਼ਰ ਆਇਆ, ਜਿਸ ਵਿੱਚ ਸਵਾਰ ਕੁਝ ਧੁੰਦਲੇ ਚਿਹਰੇ ਪੱਤਰੇ ਖਿਲਾਰਦੇ ਦਿਖਾਈ ਦਿੱਤੇ। ਪੁਲਿਸ ਨੇ ਜਦੋਂ ਈ-ਰਿਕਸ਼ਾ ਚਾਲਕ ਨੂੰ ਕਾਬੂ ਕੀਤਾ, ਤਾਂ ਉਸ ਨੇ ਦੱਸਿਆ ਕਿ ਰਿਕਸ਼ੇ ਵਿੱਚ ਸਕੂਲੀ ਬੱਚੇ ਸਵਾਰ ਸਨ।

ਪੁਲਿਸ ਪੜਤਾਲ ਮੁਤਾਬਕ ਇੱਕ 4-5 ਸਾਲ ਦਾ ਬੱਚਾ, ਜਦੋਂ ਆਪਣੇ ਸਾਥੀ ਨੂੰ ਲੈਣ ਲਈ ਇੱਕ ਕਬਾੜੀਏ (ਰਾਹੁਲ ਕੁਮਾਰ) ਦੇ ਘਰ ਗਿਆ, ਤਾਂ ਉਸ ਨੂੰ ਉੱਥੇ ਗੇਟ ਕੋਲੋਂ ਗੁਟਕਾ ਸਾਹਿਬ ਮਿਲਿਆ। ਬੱਚੇ ਨੇ ਅਣਜਾਣਪੁਣੇ ਵਿੱਚ ਉਸ ਨੂੰ ਚੁੱਕ ਲਿਆ ਅਤੇ ਰਸਤੇ ਵਿੱਚ ਜਾਂਦਿਆਂ ਉਸ ਦੇ ਪੱਤਰੇ ਖਿਲਾਰ ਦਿੱਤੇ। ਪੁਲਿਸ ਨੇ ਬੱਚੇ ਕੋਲੋਂ ਬਾਕੀ ਬਚਦਾ ਗੁਟਕਾ ਸਾਹਿਬ ਸੰਪੂਰਨ ਰੂਪ ਵਿੱਚ ਬਰਾਮਦ ਕਰ ਲਿਆ ਹੈ ਅਤੇ ਕਬਾੜੀਏ ਦੇ ਘਰੋਂ ਗੁਟਕਾ ਸਾਹਿਬ ਦੀ ਜਿਲਦ (ਬਾਹਰੀ ਕਵਰ) ਵੀ ਮਿਲ ਗਈ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਕੋਈ ਸਾਜ਼ਿਸ਼ ਨਹੀਂ ਜਾਪਦੀ, ਪਰ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਬਾੜੀਏ ਦੇ ਸਟਾਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੁਟਕਾ ਸਾਹਿਬ ਕਬਾੜ ਵਿੱਚ ਕਿੱਥੋਂ ਆਇਆ। ਪੁਲਿਸ ਨੇ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Exit mobile version