ਸਮਾਣਾ(19 ਅਪ੍ਰੈਲ, 2026): ਪੰਜਾਬ ਵਿੱਚ ਬੇਅਦਬੀ ਵਿਰੁੱਧ ਉਮਰ ਕੈਦ ਦੀ ਸਜ਼ਾ ਵਾਲੇ ਬਿੱਲ ’ਤੇ ਰਾਜਪਾਲ ਵੱਲੋਂ ਦਸਤਖ਼ਤ ਕਰਨ ਦੇ ਬਾਵਜੂਦ ਸਮਾਣਾ ਵਿਖੇ ਲੱਗਿਆ ਮੋਰਚਾ ਹਾਲੇ ਖ਼ਤਮ ਨਹੀਂ ਹੋਇਆ ਹੈ। ਟਾਵਰ ਮੋਰਚਾ ਦੇ ਆਗੂ ਤਲਵਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਇਸ ਸਬੰਧੀ ਰਸਮੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਬੰਦਾ ਸਿੰਘ ਬਹਾਦਰ ਖ਼ਾਲਸਾ ਚੌਂਕ ਵਿੱਚ ਮੋਰਚਾ ਡਟਿਆ ਰਹੇਗਾ।
ਨੋਟੀਫਿਕੇਸ਼ਨ ਤੋਂ ਬਾਅਦ ਹੀ ਹੇਠਾਂ ਆਉਣਗੇ ਭਾਈ ਖਾਲਸਾ
ਆਗੂਆਂ ਨੇ ਐਲਾਨ ਕੀਤਾ ਹੈ ਕਿ ਰਾਜਪਾਲ ਦੇ ਸਹੀ ਪਾਉਣ ਤੋਂ ਬਾਅਦ ਹੁਣ ਸਿਰਫ਼ ਚੀਫ਼ ਸੈਕਟਰੀ ਅਤੇ ਹੋਮ ਸੈਕਟਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਰਸਮੀ ਕਾਰਵਾਈ ਬਾਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਕੰਮ ਜਲਦੀ ਹੋ ਜਾਵੇਗਾ। ਜਿਸ ਦਿਨ ਨੋਟੀਫਿਕੇਸ਼ਨ ਜਾਰੀ ਹੋ ਗਿਆ, ਉਸੇ ਦਿਨ ਚੌਂਕ ਤੋਂ ਧਰਨਾ ਚੁੱਕ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਸ਼ੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਉਸੇ ਦਿਨ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਹੇਠਾਂ ਆਉਣਗੇ।
ਆਗੂਆਂ ਨੇ ਇਸ ਜਿੱਤ ਨੂੰ ਸੰਗਤ ਦੇ ਤਪ ਅਤੇ ਏਕਤਾ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ 1966 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੰਥਕ ਮੰਗਾਂ ਨੂੰ ਵਿਧਾਨ ਸਭਾ ਤੋਂ ਮੰਨਵਾ ਕੇ ਕਾਨੂੰਨ ਦੀ ਸ਼ਕਲ ਵਿੱਚ ਲਾਗੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਨੋਟੀਫਿਕੇਸ਼ਨ ਹੋ ਗਿਆ, ਉਸ ਦਿਨ ਤੋਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਮਿਲਣੀ ਸ਼ੁਰੂ ਹੋ ਜਾਵੇਗੀ।

