ਹਾਲ ਹੀ ‘ਚ ਮੁੰਬਈ ਦੇ ਬਾਂਦਰਾ ‘ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ‘ਤੇ ਗੋਲੀਬਾਰੀ ਦਾ ਮਾਮਲਾ ਜਲੰਧਰ ਨਾਲ ਜੁੜਿਆ ਹੋਇਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਾਗਰ ਪਾਲ (21) ਵਾਸੀ ਪੱਛਮੀ ਚੰਪਾਰਨ, ਬਿਹਾਰ ਅਤੇ ਵਿੱਕੀ ਗੁਪਤਾ (24) ਵਾਸੀ ਗੁਜਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਾਗਰ ਪਾਲ ਦੇ ਪਿਤਾ ਜੋਗਿੰਦਰ ਸ਼ਾਹ ਨੇ ਦੱਸਿਆ, “ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਕਿ ਉਸ ਦਾ ਬੇਟਾ ਸਲਮਾਨ ਖ਼ਾਨ ਦੇ ਘਰ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਵਾਪਸ ਆ ਗਿਆ ਹੈ। ਮੈਂ ਖ਼ਾਦ ਹੈਰਾਨ ਹਾਂ ਕਿ ਉਹ ਜਲੰਧਰ ਦੀ ਬਜਾਏ ਮੁੰਬਈ ਕਿਵੇਂ ਪਹੁੰਚ ਗਿਆ। ਉਹ ਲੰਬੇ ਸਮੇਂ ਤੋਂ ਜਲੰਧਰ ‘ਚ ਰਹਿ ਰਿਹਾ ਹੈ। ਉਹ ਇੱਕ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।
ਸਾਗਰ ਦੇ ਪਰਿਵਾਰ ਤੋਂ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਦੀ ਟੀਮ ਨੇ ਪੁੱਛਗਿੱਛ ਕੀਤੀ ਹੈ। ਸਾਗਰ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਗਰ ਦਾ ਪੂਰਾ ਪਰਿਵਾਰ ਮਜ਼ਦੂਰ ਹੈ। ਸਾਰਾ ਪਰਿਵਾਰ ਮਜ਼ਦੂਰੀ ਕਰਕੇ ਹੀ ਗੁਜ਼ਾਰਾ ਕਰਦਾ ਹੈ।
ਜੋਗਿੰਦਰ ਸ਼ਾਹ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਨੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ ਹੈ। ਹਾਲਾਂਕਿ ਇਸ ਸਬੰਧੀ ਕਿਸੇ ਅਧਿਕਾਰੀ ਨੇ ਕੋਈ ਬਿਆਨ ਨਹੀਂ ਦਿੱਤਾ ਹੈ ਕਿਉਂਕਿ ਮੁੰਬਈ ਪੁਲਿਸ ਨਾਲ ਜੁੜੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਗਰ ਪਹਿਲਾਂ ਜਲੰਧਰ ‘ਚ ਹੀ ਸੀ।
ਜਲੰਧਰ ‘ਚ ਹੀ ਉਹ ਕਿਸੇ ਤੀਜੇ ਵਿਅਕਤੀ ਰਾਹੀਂ ਲਾਰੈਂਸ ਗੈਂਗ ਦੇ ਸੰਪਰਕ ‘ਚ ਆਇਆ ਸੀ। ਇਸ ਲਈ ਮੁੰਬਈ ਪੁਲਿਸ ਇਸ ਮਾਮਲੇ ‘ਚ ਜਲੰਧਰ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ।
ਸਲਮਾਨ ਖ਼ਾਨ ਦੇ ਘਰ ‘ਤੇ ਗੋਲੀਬਾਰੀ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ (Eknath Shinde) ਵੀ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਮੁੱਖ ਮੰਤਰੀ ਦੇ ਆਉਂਦੇ ਹੀ ਅਦਾਕਾਰ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
ਏਕਨਾਥ ਸ਼ਿੰਦੇ ਨੇ ਅਦਾਕਾਰ ਦੇ ਘਰ ਦੇ ਬਾਹਰ ਕਿਹਾ, “ਮੈਂ ਸਲਮਾਨ ਖ਼ਾਨ ਨੂੰ ਕਿਹਾ ਹੈ ਕਿ ਸਰਕਾਰ ਤੁਹਾਡੇ ਨਾਲ ਹੈ। ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਅਸੀਂ ਮਾਮਲੇ ਦੀ ਤਹਿ ਤੱਕ ਪਹੁੰਚਾਂਗੇ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤਰ੍ਹਾਂ ਕਿਸੇ ਨੂੰ ਵੀ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।”
# Live| 16-04-2024 मुंबई पत्रकारांशी संवाद https://t.co/Z0cCEeyz3F
— Eknath Shinde – एकनाथ शिंदे (@mieknathshinde) April 16, 2024
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਗੈਂਗ ਜਾਂ ਗੈਂਗਵਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਅਸੀਂ ਬਿਸ਼ਨੋਈ ਨੂੰ ਖਤਮ ਕਰ ਦੇਵਾਂਗੇ। ਇੱਥੇ ਉਹ ਲਾਰੇਂਸ਼ ਬਿਸ਼ਨੋਈ ਨੂੰ ਖ਼ਤਮ ਕਰਨ ਦੀ ਗੱਲ ਕਹਿ ਰਹੇ ਸਨ।
ਸਲਮਾਨ ਖ਼ਾਨ ਦੇ ਘਰ ਆਉਣ ਤੋਂ ਪਹਿਲਾਂ ਸੀਐਮ ਏਕਨਾਥ ਸ਼ਿੰਦੇ ਨੇ ਘਟਨਾ ਵਾਲੇ ਦਿਨ ਅਦਾਕਾਰ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਉਨ੍ਹਾਂ ਮੁੰਬਈ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਕੀਤੀ ਅਤੇ ਅਦਾਕਾਰ ਦੀ ਸੁਰੱਖਿਆ ਵਧਾਉਣ ਦਾ ਸੁਝਾਅ ਦਿੱਤਾ।
ਐਤਵਾਰ ਸਵੇਰੇ 5 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕੀਤੀ, ਜਿੱਥੇ ਸਲਮਾਨ ਖ਼ਾਨ ਆਪਣੇ ਪਰਿਵਾਰ ਨਾਲ ਰਹਿੰਦਾ ਹੈ।
ਪੁਲਿਸ ਸੂਤਰਾਂ ਮੁਤਾਬਕ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ, ਜੋ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਰਾਜਪੂਤ ਨੇਤਾ ਅਤੇ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਡੀ ਸਮੇਤ ਕਈ ਹਾਈ-ਪ੍ਰੋਫਾਈਲ ਕਤਲ ਕੇਸਾਂ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀਆਂ ਧਮਕੀਆਂ ਤੋਂ ਬਾਅਦ ਸਲਮਾਨ ਖ਼ਾਨ ਨੂੰ ਨਵੰਬਰ 2022 ਤੋਂ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਸਲਮਾਨ ਨੂੰ ਇੱਕ ਨਿੱਜੀ ਬੰਦੂਕ ਰੱਖਣ ਲਈ ਵੀ ਅਧਿਕਾਰਤ ਹੈ ਅਤੇ ਇੱਕ ਬੁਲੇਟਪਰੂਫ ਕਾਰ ਦਾ ਮਾਲਕ ਹੈ।