The Khalas Tv Blog Punjab …ਆਖ਼ਰਕਾਰ ਸੁਮੇਧ ਸੈਣੀ ਪੁਲਿਸ ਸ਼ਿਕੰਜੇ ‘ਚ ਫਸਿਆ, ਪੜ੍ਹੋ ਪੂਰੀ ਕਹਾਣੀ
Punjab

…ਆਖ਼ਰਕਾਰ ਸੁਮੇਧ ਸੈਣੀ ਪੁਲਿਸ ਸ਼ਿਕੰਜੇ ‘ਚ ਫਸਿਆ, ਪੜ੍ਹੋ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਪੰਜਾਬ ਵਿਜੀਲੈਂਸ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਸੈਣੀ ਦੀ ਜ਼ੈੱਡ ਸੁਰੱਖਿਆ ਵਾਪਸ ਲੈ ਲਈ ਹੈ। ਸੈਣੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਸੈਣੀ ਅੱਜ ਜਾਂਚ ਵਿੱਚ ਸ਼ਾਮਿਲ ਹੋਣ ਲਈ ਆਪਣੇ ਵਕੀਲ ਨਾਲ ਪੁਲਿਸ ਕੋਲ ਰਾਤ ਨੂੰ 8 ਵਜੇ ਆਇਆ ਸੀ ਪਰ ਉੱਥੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹਾਈਕੋਰਟ ਦੇ ਹੁਕਮਾਂ ‘ਤੇ ਪੰਜਾਬ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ। ਉਸਨੂੰ ਸਰਕਾਰੀ ਵਕੀਲ ਨੇ ਜਾਂਚ ਵਿੱਚ ਪੇਸ਼ ਹੋਣ ਲਈ ਭੇਜਿਆ ਸੀ। ਹਾਲਾਂਕਿ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ‘ਤੇ ਇੱਕ ਹਫ਼ਤੇ ਦੀ ਰੋਕ ਲਾਈ ਸੀ। ਤੁਹਾਨੂੰ ਦੱਸ ਦਈਏ ਕਿ ਸੈਣੀ ਦੇ ਖ਼ਿਲਾਫ਼ ਬਹਿਬਲ ਕਲਾ ਗੋਲੀਕਾਂਡ ਸਮੇਤ ਚਾਰ ਕੇਸ ਦਰਜ ਹਨ। ਸੈਣੀ ਦੇ ਖ਼ਿਲਾਫ਼ ਬਲਵੰਤ ਸਿੰਘ ਮੁਲਤਾਨੀ ਕਤਲ  ਕੇਸ ਵੀ ਦਰਜ ਹੈ। ਪੰਜਾਬ ਵਿਜੀਲੈਂਸ ਨੇ ਪਹਿਲਾਂ ਦੋ ਵਾਰ ਸੈਣੀ ਦੀ ਚੰਡੀਗੜ੍ਹ ਸਥਿਤ ਸੈਣੀ ਦੀ ਕੋਠੀ ਵਿੱਚ ਦੋ ਵਾਰ ਰਾਤ ਦੇ ਸਮੇਂ ਛਾਪੇਮਾਰੀ ਕੀਤੀ, ਪਰ ਸੈਣੀ ਵਿਜੀਲੈਂਸ ਦੇ ਹੱਥ ਨਾ ਲੱਗਾ ਪਰ ਅੱਜ ਸੈਣੀ ਖੁਦ ਹੀ ਪੁਲਿਸ ਤੱਕ ਆ ਗਿਆ। ਇਸ ਤੋਂ ਪਹਿਲਾਂ ਵੀ ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਪੰਜਾਬ ਸਮੇਤ ਬਾਕੀ ਸੂਬਿਆਂ ਵਿੱਚ ਵੀ ਛਾਪੇਮਾਰੀ ਕੀਤੀ ਸੀ।

ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਮੇਧ ਸੈਣੀ ਨੂੰ ਇੱਕ ਕੇਸ ਦੀ ਸੁਣਵਾਈ ਦੌਰਾਨ ਝਾੜ ਪਾਈ। ਸੈਣੀ ਨੇ ਅਦਾਲਤ ਨੂੰ ਇੱਕ ਅਰਜ਼ੀ ਲਿਖ ਕੇ ਮੰਗ ਕੀਤੀ ਸੀ ਕਿ ਵਿਜੀਲੈਂਸ ਉਸਦੇ ਖਿਲਾਫ਼ ਨਵੀਂ ਧਾਰਾ ਜੋੜਨ ਤੋਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲਿਆ ਕਰੇ। ਇਸ ‘ਤੇ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਉਨ੍ਹਾਂ ਨੂੰ ਵਾਰ -ਵਾਰ ਅਰਜ਼ੀਆਂ ਦਾਇਰ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਤੋਂ ਵਰਜ ਦਿੱਤਾ ਹੈ ਅਤੇ ਨਾਲ ਹੀ ਆਪਣੀ ਹੱਦ ਦੇ ਅੰਦਰ ਰਹਿਣ ਲਈ ਵੀ ਤਾੜਨਾ ਕੀਤੀ ਹੈ। ਹਾਈ ਕੋਰਟ ਦੇ ਇਸ ਸਟੈਂਡ ਤੋਂ ਬਾਅਦ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ।

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ 12 ਅਗਸਤ ਨੂੰ ਸੁਮੇਧ ਸਿੰਘ ਸੈਣੀ ਨੂੰ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾ ਦੇਣ, ਜਿਸਦਾ ਮਤਲਬ ਇਹ ਕਿ ਉਨ੍ਹਾਂ ਦੇ ਵਿਦੇਸ਼ ਜਾਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ, ਉਨ੍ਹਾਂ ਦੇ ਪਿਤਾ ਸੁਰੇਂਦਰ ਸਿੰਘ ਜਸਪਾਲ, ਅਜੈ ਕੌਸ਼ਲ, ਪ੍ਰਦੁਮਨ ਸਿੰਘ, ਪਰਮਜੀਤ ਸਿੰਘ, ਅਮਿਤ ਸਿੰਗਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ ਕੀਤਾ ਸੀ। ਸੈਣੀ ਚੰਡੀਗੜ੍ਹ ਦੀ ਜਿਸ ਕੋਠੀ ਵਿੱਚ ਰਹਿ ਰਿਹਾ ਹੈ, ਉਸ ਵਿੱਚ ਸੈਣੀ ਨੇ ਖੁਦ ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਕਿਰਾਏਦਾਰ ਦੱਸਿਆ ਹੈ, ਜਦਕਿ ਉਹ ਉਸਨੂੰ ਮੁੱਲ ਖਰੀਦ ਚੁੱਕਿਆ ਸੀ। ਹਾਲਾਂਕਿ, ਅਦਾਲਤ ਨੇ ਸੈਣੀ ਦੀ ਕੋਠੀ ਨੂੰ ਅਟੈਚ ਕਰ ਦਿੱਤਾ ਹੈ।

ਸੁਮੇਧ ਸੈਣੀ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ ਕਿਹਾ ਸੀ ਕਿ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਆਪਣੀ ਰਣਨੀਤੀ ਬਦਲ ਰਹੀ ਹੈ ਅਤੇ ਐੱਫਆਈਆਰ ਵਿੱਚ ਨਵੀਆਂ ਧਾਰਾਵਾਂ ਜੋੜ ਕੇ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਹਾਈ ਕੋਰਟ ਨੂੰ ਇਹ ਅਪੀਲ ਵੀ ਕੀਤੀ ਸੀ ਕਿ ਜੇ ਵਿਜੀਲੈਂਸ ਬਿਊਰੋ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲੈਣੀ ਚਾਹੀਦੀ ਹੈ। ਖ਼ਬਰ ਲਿਖੇ ਜਾਣ ਤੱਕ ਸੈਣੀ ਪੁਲਿਸ ਹਿਰਾਸਤ ਵਿੱਚ ਹੈ।

Exit mobile version