ਬਿਊਰੋ ਰਿਪੋਰਟ (27 ਅਕਤੂਬਰ, 2025): ਰੂਸ ਨੇ ਦੁਨੀਆ ਦੀ ਪਹਿਲੀ ਨਿਊਕਲੀਅਰ ਪਾਵਰਡ (ਪਰਮਾਣੂ ਊਰਜਾ ਨਾਲ ਚੱਲਣ ਵਾਲੀ) ਕਰੂਜ਼ ਮਿਜ਼ਾਈਲ, ਬੁਰੇਵਸਤਨਿਕ-9M739 (9M730 Burevestnik) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਿਜ਼ਾਈਲ ਦੀ ਰੇਂਜ ਅਨਲਿਮਟਿਡ (ਅਸੀਮਤ) ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਇਸ ਦੇ ਸਾਰੇ ਟੈਸਟ ਪੂਰੇ ਹੋ ਚੁੱਕੇ ਹਨ। ਉਨ੍ਹਾਂ ਕਿਹਾ, “ਅਜਿਹੀ ਮਿਜ਼ਾਈਲ ਦੁਨੀਆ ਦੇ ਕਿਸੇ ਵੀ ਦੇਸ਼ ਕੋਲ ਨਹੀਂ ਹੈ। ਪਹਿਲਾਂ ਕਈ ਮਾਹਿਰਾਂ ਨੂੰ ਯਕੀਨ ਨਹੀਂ ਸੀ ਕਿ ਅਜਿਹਾ ਹਥਿਆਰ ਵੀ ਬਣ ਸਕਦਾ ਹੈ, ਪਰ ਇਹ ਹਕੀਕਤ ਬਣ ਚੁੱਕਾ ਹੈ। ਕੋਈ ਵੀ ਡਿਫੈਂਸ ਸਿਸਟਮ ਇਸ ਨੂੰ ਨਹੀਂ ਰੋਕ ਸਕਦਾ।”
ਰੂਸੀ ਫੌਜ ਦੇ ਮੁਖੀ ਵੈਲੇਰੀ ਗੇਰੇਸਿਮੋਵ ਨੇ ਦੱਸਿਆ ਕਿ ਮਿਜ਼ਾਈਲ ਦਾ ਸਫਲ ਪ੍ਰੀਖਣ 21 ਅਕਤੂਬਰ ਨੂੰ ਕੀਤਾ ਗਿਆ। ਇਸ ਟੈਸਟ ਦੌਰਾਨ ਬੁਰੇਵਸਤਨਿਕ ਨੇ ਲਗਭਗ 15 ਘੰਟੇ ਤੱਕ ਉਡਾਣ ਭਰੀ ਅਤੇ ਇਸ ਦੌਰਾਨ 14 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਗੇਰੇਸਿਮੋਵ ਨੇ ਇਹ ਵੀ ਦੱਸਿਆ ਕਿ ਇਹ ਮਿਜ਼ਾਈਲ ਦੀ ਵੱਧ ਤੋਂ ਵੱਧ ਰੇਂਜ ਨਹੀਂ ਹੈ, ਇਹ ਇਸ ਤੋਂ ਵੀ ਵੱਧ ਦੂਰੀ ਤੈਅ ਕਰ ਸਕਦੀ ਹੈ।

ਏਅਰ ਡਿਫੈਂਸ ਸਿਸਟਮ ਦੀ ਪਕੜ ਵਿੱਚ ਨਹੀਂ ਆ ਸਕਦੀ
ਬੁਰੇਵਸਤਨਿਕ (9M730) ਇੱਕ ਕਰੂਜ਼ ਮਿਜ਼ਾਈਲ ਹੈ ਜੋ ਆਮ ਈਂਧਨ ਇੰਜਣ ਦੀ ਬਜਾਏ ਨਿਊਕਲੀਅਰ ਰਿਐਕਟਰ ਨਾਲ ਚੱਲਦੀ ਹੈ। ਇਸ ਕਾਰਨ ਇਹ ਮਿਜ਼ਾਈਲ ਲਗਭਗ ਅਸੀਮਤ ਦੂਰੀ ਤੱਕ ਉਡਾਣ ਭਰ ਸਕਦੀ ਹੈ। ਨਾਲ ਹੀ, ਇਹ ਦੁਸ਼ਮਣ ਦੇ ਐਂਟੀ-ਮਿਜ਼ਾਈਲ ਡਿਫੈਂਸ ਸਿਸਟਮ ਨੂੰ ਚਕਮਾ ਦੇਣ ਵਿੱਚ ਸਮਰੱਥ ਹੈ।
ਅਮਰੀਕੀ ਹਵਾਈ ਸੈਨਾ ਦੀ ਰਿਪੋਰਟ ਅਨੁਸਾਰ, ਇਸ ਮਿਜ਼ਾਈਲ ਦੇ ਸੇਵਾ ਵਿੱਚ ਆਉਣ ਤੋਂ ਬਾਅਦ ਰੂਸ ਕੋਲ ਇੰਟਰਕੌਂਟੀਨੈਂਟਲ ਰੇਂਜ ਯਾਨੀ 10 ਤੋਂ 20 ਹਜ਼ਾਰ ਕਿਲੋਮੀਟਰ ਤੱਕ ਹਮਲਾ ਕਰਨ ਦੀ ਸਮਰੱਥਾ ਹੋਵੇਗੀ, ਜਿਸ ਨਾਲ ਰੂਸ ਕਿਸੇ ਵੀ ਹਿੱਸੇ ਤੋਂ ਅਮਰੀਕਾ ਤੱਕ ਹਮਲਾ ਕਰਨ ਦੇ ਯੋਗ ਹੋ ਜਾਵੇਗਾ।
ਆਮ ਤੌਰ ’ਤੇ ਇੰਨੀ ਦੂਰੀ ਤੱਕ ਹਮਲਾ ਕਰਨ ਲਈ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਹਿਲੀ ਕਰੂਜ਼ ਮਿਜ਼ਾਈਲ ਹੈ ਜੋ ਇੰਨੀ ਦੂਰੀ ਤੱਕ ਹਮਲਾ ਕਰਨ ਦੇ ਸਮਰੱਥ ਹੈ।
ਸਧਾਰਨ ਬੈਲਿਸਟਿਕ ਮਿਜ਼ਾਈਲ ਪੁਲਾੜ ਵਿੱਚ ਤੈਅ ਕੀਤੇ ਰਸਤੇ ’ਤੇ ਜਾਂਦੀ ਹੈ, ਜਿਨ੍ਹਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ। ਜਦੋਂ ਕਿ ਬੁਰੇਵਸਤਨਿਕ ਸਿਰਫ 50-100 ਮੀਟਰ ਦੀ ਉਚਾਈ ’ਤੇ ਉੱਡਦੀ ਹੈ ਅਤੇ ਲਗਾਤਾਰ ਆਪਣਾ ਰਸਤਾ ਬਦਲਦੀ ਰਹਿੰਦੀ ਹੈ, ਜਿਸ ਕਾਰਨ ਇਸ ਨੂੰ ਫੜਨਾ ਲਗਭਗ ਅਸੰਭਵ ਹੋ ਜਾਂਦਾ ਹੈ।