‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਨੇ ਯੂਕਰੇਨ ਦੇ ਸ਼ਹਿਰ ਨੋਵਾ ਖਾਖੋਵਾ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਰੂਸ ਦੀ ਫ਼ੌਜ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਦਾਖਲ ਹੋ ਗਈ ਹੈ। ਕੀਵ ਵਿੱਚ ਹਵਾਈ ਹਮ ਲਿਆਂ ਦੀ ਚਿ ਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਖਾਰਕੀਵ ਰੀਜ਼ਨਲ ਐਡਮਿਨਿਸਟ੍ਰੇਸ਼ਨ ਦੇ ਹੈੱਡ ਦਾ ਕਹਿਣਾ ਹੈ ਕਿ ਕੁੱਝ ਫ਼ੌਜੀ ਵਾਹਨ ਸ਼ਹਿਰ ਵਿੱਚ ਦਾਖ਼ਲ ਹੋ ਗਏ ਹਨ। ਯੂਕਰੇਨ ਦੀ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਛੋਟੇ ਪਰ ਰਣਨੀਤਿਕ ਤੌਰ ‘ਤੇ ਮਸ਼ਹੂਰ ਸ਼ਹਿਰ ਨੂੰ ਰੂਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਇਹ ਸ਼ਹਿਰ ਇੱਕ ਨਦੀ ਦੇ ਕਿਨਾਰੇ ‘ਤੇ ਹੈ ਜਿਸ ਵਿੱਚ ਕ੍ਰਾਈਮੀਆ ਵਿੱਚ ਪਾਣੀ ਦੀ ਸਪਲਾਈ ਹੁੰਦੀ ਹੈ।
ਸ਼ਹਿਰ ਦੇ ਮੇਅਰ ਵੋਲੋਦੀਮਰ ਕੋਵਾਲੋਂਕੋ ਨੇ ਕਿਹਾ ਹੈ ਕਿ ਰੂਸੀ ਫ਼ੌਜੀਆਂ ਨੇ ਸਾਰੀਆਂ ਸਰਕਾਰੀ ਇਮਾਰਤਾਂ ਤੋਂ ਯੂਕਰੇਨ ਦੇ ਝੰਡੇ ਹਟਾ ਦਿੱਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਦੱਖਣ ਵਿੱਚ ਰੂਸੀ ਫ਼ੌਜ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਕਾਮਯਾਬ ਰਹੀ ਹੈ। ਹੁਣ ਰੂਸੀ ਫ਼ੌਜ ਖੇਰਸੇਨ, ਮਿਕੋਲਾਈਵ ਅਤੇ ਮੇਲੀਤੋਪੋਲ ਨਾਂ ਦੇ ਸ਼ਹਿਰਾਂ ਦਾ ਰੁਖ਼ ਕਰ ਰਹੀ ਹੈ। ਰੂਸ ਦੇ ਹਮ ਲੇ ਤੋਂ ਬਾਅਦ ਲਗਭਗ ਸਵਾ ਲੱਖ ਯੂਕਰੇਨੀ ਨਾਗਰਿਕ ਆਪਣਾ ਘਰ ਛੱਡ ਕੇ ਦੱਖਣੀ ਯੂਕਰੇਨ ਦੇ ਸ਼ਹਿਰ ਲਵੀਵ ਅਤੇ ਪੋਲੈਂਡ ਵੱਲ ਗਏ ਹਨ। ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਪੋਲੈਂਡ ਦੇ ਨਾਗਰਿਕ ਭੋਜਨ ਅਤੇ ਵਾਹਨ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰ ਰਹੇ ਹਨ। ਅੱਜ ਤੜਕੇ 250 ਭਾਰਤੀ ਨਾਗਰਿਕਾਂ ਨਾਲ ਭਰੀ ਉਡਾਣ ਦਿੱਲੀ ਪਹੁੰਚੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਯੂਕਰੇਨ ਤੋਂ ਬਾਹਰ ਜਾਣਾ ਚਾਹੁੰਦਾ ਹੈ। ਯੂਕਰੇਨ ਦੀਆਂ ਸੜਕਾਂ ‘ਤੇ ਰੂਸੀ ਫੌਜੀ ਘੁੰਮ ਰਹੇ ਹਨ ਅਤੇ ਲੋਕ ਆਪਣੇ ਘਰਾਂ ਦੇ ਅੰਦਰ ਡਰੇ ਹੋਏ ਬੈਠੇ ਹਨ।