The Khalas Tv Blog International ਰੂਸ ਵੱਲੋਂ ਯੂਕਰੇਨ ’ਤੇ 120 ਮਿਜ਼ਾਈਲਾਂ ਤੇ 90 ਡਰੋਨਾਂ ਨਾਲ ਹਮਲਾ
International

ਰੂਸ ਵੱਲੋਂ ਯੂਕਰੇਨ ’ਤੇ 120 ਮਿਜ਼ਾਈਲਾਂ ਤੇ 90 ਡਰੋਨਾਂ ਨਾਲ ਹਮਲਾ

ਰੂਸ ਨੇ ਐਤਵਾਰ ਨੂੰ ਯੂਕਰੇਨ ‘ਤੇ ਪਿਛਲੇ ਤਿੰਨ ਮਹੀਨਿਆਂ ‘ਚ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ। ਰੂਸੀ ਫੌਜ ਨੇ 120 ਮਿਜ਼ਾਈਲਾਂ ਅਤੇ 90 ਡਰੋਨ ਦਾਗੇ, ਜਿਸ ਨਾਲ ਘੱਟੋ-ਘੱਟ ਸੱਤ ਲੋਕ ਮਾਰੇ ਗਏ ਅਤੇ ਬਿਜਲੀ ਪ੍ਰਣਾਲੀਆਂ ਨੂੰ “ਗੰਭੀਰ ਨੁਕਸਾਨ” ਹੋਇਆ। ਯੂਕਰੇਨੀਅਨਾਂ ਨੂੰ ਉਨ੍ਹਾਂ ਦੇ ਹੋਰ ਊਰਜਾ ਪਲਾਂਟਾਂ ‘ਤੇ ਰੂਸੀ ਹਮਲੇ ਤੋਂ ਗੰਭੀਰ ਨੁਕਸਾਨ ਦਾ ਵੀ ਡਰ ਹੈ।

ਕਿਉਂਕਿ ਇਹ ਸਰਦੀਆਂ ਸ਼ੁਰੂ ਹੁੰਦੇ ਹੀ ਯੂਕਰੇਨ ਵਿੱਚ ਲੰਬੇ ਸਮੇਂ ਤੱਕ ਬਲੈਕਆਊਟ ਦਾ ਕਾਰਨ ਬਣ ਜਾਵੇਗਾ। ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਆਪਣਾ ਪਹਿਲਾ ਹਮਲਾ ਕੀਤਾ ਸੀ। ਹੁਣ ਯੁੱਧ ਦੇ ਨਾਜ਼ੁਕ ਪਲ ‘ਤੇ, ਰੂਸ ਦੁਆਰਾ ਅਜਿਹੇ ਹਮਲੇ ਯੂਕਰੇਨ ‘ਤੇ ਮਨੋਵਿਗਿਆਨਕ ਦਬਾਅ ਵਧਾਏਗਾ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਯੂਕਰੇਨ ’ਚ ਵੱਡੇ ਪੱਧਰ ’ਤੇ ਹਮਲਾ ਕਰਦਿਆਂ ਕੁੱਲ 120 ਮਿਜ਼ਾਈਲਾਂ ਤੇ 90 ਡਰੋਨ ਦਾਗੇ ਹਨ। ਉਨ੍ਹਾਂ ਦੱਸਿਆ ਕਿ ਹਮਲੇ ’ਚ ਵੱਖ ਵੱਖ ਤਰ੍ਹਾਂ ਦੇ ਡਰੋਨ ਵਰਤੇ ਗਏ ਹਨ ਜਿਨ੍ਹਾਂ ’ਚ ਇਰਾਨ ’ਚ ਬਣੇ ਸ਼ਾਹਿਦ ਡਰੋਨ ਅਤੇ ਨਾਲ ਹੀ ਕਰੂਜ਼, ਬੈਲਿਸਟਿਕ ਤੇ ਜਹਾਜ਼ ਰਾਹੀਂ ਦਾਗੀਆਂ ਜਾਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਲ ਹਨ।

ਜ਼ੇਲੈਂਸਕੀ ਨੇ ‘ਟੈਲੀਗ੍ਰਾਮ’ ’ਤੇ ਸਾਂਝੇ ਕੀਤੇ ਗਏ ਇੱਕ ਬਿਆਨ ’ਚ ਕਿਹਾ ਕਿ ਯੂਕਰੇਨੀ ਸੁਰੱਖਿਆ ਬਲਾਂ ਨੇ 140 ਮਿਜ਼ਾਈਲਾਂ ਤੇ ਡਰੋਨ ਹੇਠਾਂ ਸੁੱਟੇ ਹਨ। ਉਨ੍ਹਾਂ ਕਿਹਾ, ‘ਦੁਸ਼ਮਣ ਦਾ ਟੀਚਾ ਸਾਡਾ ਊਰਜਾ ਢਾਂਚਾ ਸੀ। ਟਕਰਾਉਣ ਤੇ ਡਿੱਗਣ ਵਾਲੇ ਮਲਬੇ ਕਾਰਨ ਨੁਕਸਾਨ ਪੁੱਜਾ ਹੈ। ਮਾਈਕੋਲਾਈਵ ’ਚ ਡਰੋਨ ਹਮਲੇ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ ਦੋ ਬੱਚੇ ਵੀ ਸ਼ਾਮਲ ਹਨ।’ ਕੀਵ ਦੇ ਸ਼ਹਿਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਅਨੁਸਾਰ ਡਰੋਨ ਤੇ ਮਿਜ਼ਾਈਲ ਦਾ ਸਾਂਝਾ ਹਮਲਾ ਤਿੰਨ ਮਹੀਨਿਆਂ ਅੰਦਰ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਸੀ।

 

Exit mobile version