The Khalas Tv Blog India ਆਰਟੀਆਈ : ਫੌਜੀ ਜਵਾਨਾਂ ਨੂੰ ਇੱਕ ਸਾਲ ਵਿੱਚ 100 ਦਿਨਾਂ ਦੀ ਛੁੱਟੀ ਦਾ ਗ੍ਰਹਿ ਮੰਤਰਾਲੇ ਕੋਲ ਨਹੀਂ ਕੋਈ ਜਵਾਬ
India International Punjab

ਆਰਟੀਆਈ : ਫੌਜੀ ਜਵਾਨਾਂ ਨੂੰ ਇੱਕ ਸਾਲ ਵਿੱਚ 100 ਦਿਨਾਂ ਦੀ ਛੁੱਟੀ ਦਾ ਗ੍ਰਹਿ ਮੰਤਰਾਲੇ ਕੋਲ ਨਹੀਂ ਕੋਈ ਜਵਾਬ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਨਫੈਡਰੇਸ਼ਨ ਆਫ ਐਕਸ ਪੈਰਾਮਿਲਟਰੀ ਫੋਰਸ ਐਸੋਸਿਏਸ਼ਨ ਵਲੋਂ ਆਰਟੀਆਈ ਐਕਟ ਰਾਹੀਂ ਮੰਗੀ ਸੂਚਨਾ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਿਚ ਐਸੋਸੀਏਸ਼ਨ ਨੇ ਪੁੱਛਿਆ ਸੀ ਕਿ ਕੇਂਦਰੀ ਸੁਰੱਖਿਆ ਬਲਾਂ ਦੇ ਕਿੰਨੇ ਜਵਾਨਾਂ ਨੂੰ ਇੱਕ ਸਾਲ ਵਿਚ 100 ਦਿਨ ਲਈ ਛੁੱਟੀ ਮਿਲੀ ਸੀ। ਐਸੋਸੀਏਸ਼ਨ ਨੇ ਦੂਜੀ ਆਰਟੀਆਈ ਵਿਚ ਸੀਆਈਐੱਸਐੱਫ ਦੇ ਜਵਾਨਾਂ ਨੂੰ ਸਾਲਾਨਾ ਛੁੱਟੀਆਂ ਦੀ ਜਾਣਕਾਰੀ ਮੰਗੀ ਸੀ। ਸੰਬੰਧਿਤ ਬਲ ਨੇ ਵੀ ਇਹ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।


ਐਸੋਸੀਏਸ਼ਨ ਦੇ ਮਹਾਸਕੱਤਰ ਰਣਬੀਰ ਸਿੰਘ ਨੇ ਕਿਹਾ ਕਿ ਦੋਵੇਂ ਮਾਮਲਿਆਂ ਵਿੱਚ ਆਈਟੀਆਰ ਐਕਟ 2005 ਦੀ ਧਾਰਾ-24 ਤੇ ਸਬ ਸੈਕਸ਼ਨ-2 ਨੂੰ ਵਰਤ ਕੇ ਇਹ ਜਾਣਕਾਰੀ ਮੰਗੀ ਗਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੂੰ ਭ੍ਰਿਸ਼ਟਾਚਾਰ ਤੇ ਮਨੁੱਖੀ ਅਧਿਕਾਰਾਂ ਦੇ ਕਬਜ਼ੇ ਨੂੰ ਛੱਡ ਕੇ ਹੋਰ ਕੋਈ ਸੂਚਨਾ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਹੈ। ਰਣਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਵਧ ਰਹੇ ਹਨ। ਇਸ ਸੰਬੰਧੀ ਪੱਤਰ ਜਾਰੀ ਕੀਤਾ ਜਾਵੇ।


ਜਾਣਕਾਰੀ ਅਨੁਸਾਰ ਇਹ ਸੂਚਨਾ 28 ਜਨਵਰੀ 2021 ਨੂੰ ਆਰਟੀਆਈ ਤਹਿਤ ਮੰਗੀ ਗਈ ਸੀ। ਦਿਸੰਬਰ 2019 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਸੀਆਰਪੀਐੱਫ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ ਤਾਂ ਉਸ ਦੌਰਾਨ ਉਨ੍ਹਾਂ ਨੇ ਕੇਂਦਰੀ ਨੀਮ ਫੌਜੀ ਬਲਾਂ ਦੇ ਜਵਾਨਾਂ ਲਈ ਇੱਕ ਅਹਿਮ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹਾ ਪ੍ਰਬੰਧ ਕੀਤਾ ਜਾਵੇਗਾ, ਜਿਸ ਤਹਿਤ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ 100 ਦਿਨ ਦੀ ਛੁੱਟੀ ਆਪਣੇ ਪਰਿਵਾਰ ਨਾਲ ਮਨਾ ਸਕਣਗੇ।

30 ਦਿਨ ਦੀ ਮਿਲਦੀ ਹੈ ਛੁੱਟੀ
ਇਨ੍ਹਾਂ ਬਲਾਂ ਵਿੱਚ ਸੀਆਰਪੀਐੱਫ, ਸੀਆਈਐੱਸਐੱਫ, ਬੀਐੱਸਐੱਫ, ਆਈਟੀਬੀਪੀ, ਐੱਸਐੱਬੀ ਤੇ ਅਸਾਮ ਰਾਇਫਲ ਸ਼ਾਮਿਲ ਹੈ। ਕੇਂਦਰੀ ਗ੍ਰਹਿ ਮੰਤਰਾਲੇ ਚ ਲਗਾਈ ਗਈ ਆਰਟੀਆਈ ਦੇ ਜ਼ਰਿਏ ਇਹ ਪੁੱਛਿਆ ਗਿਆ ਕਿ ਮੌਜੂਦਾ ਸਮੇਂ ਵਿੱਚ ਜਵਾਨਾਂ ਨੂੰ ਸਿਰਫ 30 ਦਿਨ ਦੀ ਛੁੱਟੀ ਮਿਲਦੀ ਹੈ, ਫਿਰ 100 ਦਿਨ ਦੀ ਛੁੱਟੀ ਕਿਵੇਂ ਸੰਭਵ ਹੋਵੇਗੀ। ਇਸ ਤੋਂ ਪਹਿਲਾਂ ਜਵਾਨਾਂ ਨੂੰ 60 ਦਿਨ ਦੀ ਛੁੱਟੀ ਦੇਣੀ ਪਵੇਗੀ।

ਗ੍ਰਹਿ ਮੰਤਰੀ ਦਾ ਐਲਾਨ ਵੀ ਸ਼ੱਕ ਦੇ ਘੇਰੇ ਵਿੱਚ
ਐਸੋਸੀਏਸ਼ਨ ਦੇ ਮਹਾਸਕੱਤਰ ਦਾ ਕਹਿਣਾ ਹੈ ਕਿ ਇਹ ਮਾਮਲਾ ਸਿੱਧਾ ਮਨੁੱਖੀ ਕਦਰਾਂ ਕੀਮਤਾਂ ਤੇ ਸੰਵੇਦਨਾਵਾਂ ਨਾਲ ਜੁੜਿਆ ਹੋਇਆ ਹੈ। ਕੇਂਦਰੀ ਸੁਰੱਖਿਆ ਬਲਾਂ ਵਿੱਚ ਘੱਟ ਛੁੱਟੀਆਂ, ਅਫਸਰਾਂ ਦੇ ਮਾੜੇ ਵਰਤਾਓ ਤੇ ਹੋਰ ਘਰੇਲੂ ਕਾਰਣਾ ਕਰਕੇ ਸੁਰੱਖਿਆ ਬਲਾਂ ਵਿੱਚ ਪਿਛਲੇ ਛੇ ਸਾਲਾਂ ਦੌਰਾਨ 700 ਤੋਂ ਵੱਧ ਜਵਾਨਾਂ ਨੇ ਆਤਮਹੱਤਿਆ ਕੀਤੀ ਹੈ। ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਇਨ੍ਹਾਂ ਬਲਾਂ ਦੇ ਕਲਿਆਣ ਨਾਲ ਸੰਬੰਧਤ ਆਰਟੀਆਈ ਦਾ ਜਵਾਬ ਤੱਤ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ‘ਤੇ ਵੀ ਸ਼ੱਕ ਹੁੰਦਾ ਹੈ ਕਿ ਗ੍ਰਹਿ ਮੰਤਰੀ ਦਾ ਐਲਾਨ ਕਿਤੇ ਝੂਠ ਤਾਂ ਨਹੀਂ।

Exit mobile version