The Khalas Tv Blog India ਦਿੱਲੀ ‘ਚ ਪਿਆ ਰੌਲਾ, ਕੌਣ ਖਾ ਗਿਆ ਗੁਰੂ ਦੀ ਗੋਲਕ ਵਿੱਚੋਂ 63 ਲੱਖ ਰੁਪਏ
India Punjab

ਦਿੱਲੀ ‘ਚ ਪਿਆ ਰੌਲਾ, ਕੌਣ ਖਾ ਗਿਆ ਗੁਰੂ ਦੀ ਗੋਲਕ ਵਿੱਚੋਂ 63 ਲੱਖ ਰੁਪਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਇੱਕ ਹੋਰ ਵਿਵਾਦ ਖੜਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਕਰ ਵਿੱਚੋਂ ਕਰੀਬ 63 ਜਾਂ 64 ਲੱਖ ਰੁਪਏ ਦੀ ਰਕਮ ਘੱਟ ਨਿਕਲੀ ਹੈ। ਜਦੋਂ ਇਹ ਖ਼ਬਰ ਕਮੇਟੀ ਮੈਂਬਰਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਵੱਲੋਂ ਦਫ਼ਤਰ ਵਿੱਚ ਹੀ ਜ਼ਬਰਦਸਤ ਹੰਗਾਮਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਜਾਗੋ ਪਾਰਟੀ ਦੇ ਮੈਂਬਰ ਮੌਕੇ ‘ਤੇ ਕਮੇਟੀ ਦਫ਼ਤਰ ਪਹੁੰਚੇ ਅਤੇ ਸਬੰਧਿਤ ਅਧਿਕਾਰੀਆਂ ਤੋਂ ਸਾਰਾ ਹਿਸਾਬ ਮੰਗਿਆ।

ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਮੈਂਬਰਾਂ ਨੇ ਦੱਸਿਆ ਕਿ ਕਮੇਟੀ ਦੇ ਰਜਿਸਟਰ ਵਿੱਚ ਐਂਟਰੀ ਤਾਂ ਹੈ ਪਰ ਲਾਕਰ ਰੂਮ ਵਿੱਚ ਕੋਈ ਕੈਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕਮੇਟੀ ਅਤੇ ਹੋਰ ਮੈਂਬਰ ਕੋਈ ਠੋਸ ਸਬੂਤ ਨਹੀਂ ਦਿਖਾ ਸਕੇ। ਦਿੱਲੀ ਕਮੇਟੀ ਦੇ ਦਫਤਰ ‘ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਆਪਸ ਵਿੱਚ ਹੱਥੋ-ਪਾਈ ਵੀ ਹੋਈ ਹੈ, ਇੱਕ ਦੂਜੇ ਨੂੰ ਗਾਲੀ-ਗਲੋਚ ਵੀ ਕੀਤਾ ਗਿਆ ਹੈ।

ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇੱਕ ਕਰੋੜ 30 ਲੱਖ ਰੁਪਏ ਦੇ ਕਰੀਬ ਕੈਸ਼ ਹੋਣਾ ਚਾਹੀਦਾ ਹੈ ਜਿਸਦੇ ਵਿੱਚੋਂ ਤਕਰੀਬਨ 63 ਜਾਂ 64 ਲੱਖ ਰੁਪਏ ਕੈਸ਼ ਘੱਟ ਹੈ। ਸਾਨੂੰ ਇਹ ਦੱਸਿਆ ਗਿਆ ਹੈ ਕਿ ਜੋ ਕੈਸ਼ ਘੱਟ ਹੈ, ਉਹ ਇਹ ਕੱਲ੍ਹ ਸਵੇਰੇ 10 ਵਜੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਲੈ ਕੇ ਗਏ ਸਨ। ਪਰ ਜਦੋਂ ਅਸੀਂ ਉਨ੍ਹਾਂ ਨੂੰ ਕੈਸ਼ ਕੱਢਣ ਦੌਰਾਨ ਦੀ ਸੀਸੀਟੀਵੀ ਫੁਟੇਜ ਦਿਖਾਉਣ ਲਈ ਕਿਹਾ ਅਤੇ ਜਿਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਏ ਹਨ, ਉਸਦੀ ਰਸੀਦ ਵਿਖਾਉਣ ਲਈ ਕਿਹਾ। ਜਿਸ ਬੈਂਕ ਵਿੱਚ ਇਨ੍ਹਾਂ ਨੇ ਕਿਹਾ ਕਿ ਕੈਸ਼ ਜਮ੍ਹਾਂ ਕਰਵਾਇਆ ਗਿਆ ਹੈ, ਉਸ ਬੈਂਕ ਵਿੱਚ ਛੁੱਟੀ ਸੀ। ਇਸ ਕਰਕੇ ਕੋਈ ਨਾ ਕੋਈ ਗੜਬੜੀ ਤਾਂ ਜ਼ਰੂਰ ਹੈ। ਅਧਿਕਾਰੀਆਂ ਵੱਲੋਂ ਐਕਸਿਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਹ ਚੋਰੀ ਜਾਂ ਡਕੈਤੀ ਕਿਸਨੇ ਮਰਵਾਈ ਹੈ, ਇਹ ਅਸੀਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਰਹੇ ਹਾਂ ਤਾਂ ਜੋ ਇਸਦੀ ਕਾਰਵਾਈ ਕੀਤੀ ਜਾ ਸਕੇ।

ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਮੈਂਬਰ ਸੁਖਵਿੰਦਰ ਸਿੰਘ ਬਾਬਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਮੇਟੀ ਕੋਲ ਪੂਰਾ ਕੈਸ਼ ਹੈ, ਪਰ ਦੂਜੀ ਧਿਰ ਦੇ ਮੈਂਬਰ ਕਮੇਟੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਕਮੇਟੀ ਦੀਆਂ ਔਰਤਾਂ ਸਾਹਮਣੇ ਗਾਲੀ ਗਲੋਚ ਕੀਤਾ ਗਿਆ ਹੈ, ਜੋ ਕਿ ਠੀਕ ਨਹੀਂ ਹੈ। ਉੱਧਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤ ਹਰਮੀਤ ਸਿੰਘ ਕਾਲਕਾ ਨੇ ਵਿਰੋਧੀ ਮੈਂਬਰਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ।

ਇਨ੍ਹਾਂ ਦੋਹਾਂ ਆਗੂਆਂ ਨੇ ਕਿਹਾ ਹੈ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੋਸ਼ੇ ਖਾਨੇ ਦੀ ਤਲਾਸ਼ੀ ਲੈਣ ਆਏ ਸਰਨਾ ਭਰਾਵਾਂ ਨੂੰ ਜਦੋਂ ਕਮੇਟੀ ਦੇ ਸਟਾਫ ਤੇ ਮੈਂਬਰਾਂ ਨੇ ਕਿਹਾ ਕਿ ਆਓ ਨਗਦੀ ਗਿਣ ਲਵੋ ਤਾਂ ਉਹ ਢਿੱਡ ਵਿੱਚ ਦਰਦ ਹੋਣ ਦਾ ਬਹਾਨਾ ਲਗਾ ਕੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਅਤੇ ਉਹਨਾਂ ਦੇ ਸਾਥੀ ਜੀ.ਕੇ. ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਉਹ ਸੰਗਤ ਦੇ ਕਟਹਿਰੇ ਵਿੱਚ ਖੜ੍ਹੇ ਹੋ ਜਾਣਗੇ ਤਾਂ ਉਹਨਾਂ ਹਮੇਸ਼ਾ ਵਾਂਗ ਮੌਕੇ ਤੋਂ ਭੱਜ ਜਾਣਾ ਬਿਹਤਰ ਸਮਝਿਆ।

ਸਿਰਸਾ ਨੇ ਕਿਹਾ ਕਿ ਪਹਿਲਾਂ ਵੀ ਇਹਨਾਂ ਲੋਕਾਂ ਨੇ ਅਜਿਹੀ ਕੋਝੀ ਹਰਕਤ ਕੀਤੀ ਸੀ ਤਾਂ ਅਸੀਂ ਇਹਨਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਕੋਈ ਵੀ ਆ ਕੇ ਕਮੇਟੀ ਦਾ ਰਿਕਾਰਡ ਤੇ ਤੋਸ਼ਾ ਖਾਨਾ ਵੇਖ ਸਕਦਾ ਹੈ ਪਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿੱਚ ਟੀਮ ਇਹਨਾਂ ਨੂੰ ਉਡੀਕਦੀ ਰਹੀ ਤੇ ਇਹ ਨਹੀਂ ਆਏ ਪਰ ਅੱਜ ਫਿਰ ਤੋਂ ਉਹੀ ਕੋਝੀ ਹਰਕਤ ਕੀਤੀ ਗਈ ਹੈ। ਸਿਰਸਾ ਤੇ ਕਾਲਕਾ ਨੇ ਕਿਹਾ ਕਿ ਜਲਦੀ ਹੀ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਟੀਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰੇਗੀ ਅਤੇ ਉਹਨਾਂ ਨੂੰ ਕਹੇਗੀ ਕਿ ਪੰਥ ਦੇ ਦੋਖੀ ਹਰਵਿੰਦਰ ਸਿੰਘ ਸਰਨਾ ਤੇ ਉਸਦੇ ਭਰਾ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਕਿਉਂਕਿ ਇਹਨਾਂ ਵੱਲੋਂ ਲਗਾਤਾਰ ਗੁਰੂ ਘਰਾਂ ‘ਤੇ ਸਰਕਾਰ ਦੇ ਕਬਜ਼ੇ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਹਮੇਸ਼ਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ।

Exit mobile version