ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਰਚੀ ਗਈ ਹੈ। ਤਰਨਤਾਰਨ ‘ਚ ਕੁਝ ਅਣਪਛਾਤੇ ਬਦਮਾਸ਼ਾਂ ਨੇ ਪੁਲਿਸ ਸਟੇਸ਼ਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਤਰਨਤਾਰਨ ਜ਼ਿਲ੍ਹੇ ਵਿਚ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਪੈਂਦੇ ਸਰਹਾਲੀ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਤੇ ਰਾਤ 1.00 ਵਜੇ ਅਣਪਛਾਤੇ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਹੈ। ਹਮਲੇ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਹਾਲਾਂਕਿ ਹਮਲੇ ਕਾਰਨ ਥਾਣੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਹਮਲੇ ਵਿਚ ਥਾਣੇ ਦੇ ਇਕ ਹਿੱਸੇ ਵਿਚ ਬਣੇ ਸਾਂਝ ਕੇਂਦਰ ਦੇ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਹਨ। ਜਿਸ ਥਾਂ ’ਤੇ ਸ਼ੀਸ਼ੇ ਟੁੱਟੇ ਹਨ, ਉਸਨੂੰ ਫੋਰੈਂਸਿਕ ਜਾਂਚ ਵਾਸਤੇ ਸੀਲ ਕਰ ਦਿੱਤਾ ਗਿਆ ਹੈ।
ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 1 ਵਜੇ ਦੇ ਕਰੀਬ ਸਰਹਾਲੀ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ ‘ਤੇ ਆਰ.ਪੀ.ਜੀ. ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੀ ਪੁਲੀਸ ਬਾਹਰ ਆਈ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਥਾਣੇ ਵਿੱਚ ਰਾਤ ਨੂੰ ਮੂਨਸ਼ੀ, ਡਿਊਟੀ ਅਫ਼ਸਰ ਅਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ। ਫੋਰੈਂਸਿਕ ਟੀਮਾਂ ਜਾਂਚ ਲਈ ਪਹੁੰਚ ਗਈਆਂ ਹਨ।
ਆਰਪੀਜੀ ਅੰਦਰ ਡਿੱਗਣ ਕਾਰਨ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੇ ਆਰਪੀਜੀ ਨੂੰ ਕਬਜ਼ੇ ਵਿੱਚ ਰੱਖਿਆ ਹੋਇਆ ਹੈ ਅਤੇ ਸਾਂਝ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ ਅਤੇ ਸੂਬੇ ਵਿੱਤ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ । ਇਸਦੇ ਨਾਲ ਹੀ ਸਰਕਾਰੀ ਇਮਾਰਤਾਂ ਸਣੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਯੂਨਿਟ ਦੇ ਮੁੱਖ ਦਫ਼ਤਰ ‘ਤੇ 9 ਮਈ ਦੀ ਰਾਤ ਨੂੰ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ। ਜਿਸ ਨੇ ਇਮਾਰਤ ਦੀ ਇੱਕ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਚੂਰ-ਚੂਰ ਕਰ ਦਿੱਤੇ ਸੀ। ਹਾਲਾਂਕਿ, ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਇਸ ਹਮਲੇ ਦੇ ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੋੜੇ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਸਨ।