ਅੱਜ ਪੰਜਾਬ ਭਰ ਵਿੱਚ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਕੰਟਰੈਕਟ/ਕੱਚੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਦੇ ਨਵੇਂ ਟੈਂਡਰ ਖੋਲ੍ਹਣ ਦੇ ਸਖ਼ਤ ਵਿਰੋਧ ਵਿੱਚ ਤਿੱਖਾ ਸੰਘਰਸ਼ ਕੀਤਾ ਗਿਆ। ਯੂਨੀਅਨਾਂ ਨੇ ਇਸ ਨੂੰ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਵੱਲ ਵੱਡਾ ਕਦਮ ਦੱਸਿਆ ਅਤੇ ਟੈਂਡਰ ਰੱਦ ਕਰਨ ਦੀ ਮੰਗ ’ਤੇ ਅੜੇ ਰਹੇ।
ਬਰਨਾਲਾ ਵਿੱਚ ਇੱਕ ਘੰਟੇ ਦੀ ਗੇਟ ਰੈਲੀ ਤੋਂ ਪਹਿਲਾਂ ਹੀ ਪੁਲਿਸ ਨੇ ਯੂਨੀਅਨ ਆਗੂਆਂ ਅਵਤਾਰ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਰਾਊਂਡ-ਅੱਪ ਕਰ ਲਿਆ। ਰੋਸ ਵਜੋਂ ਵਰਕਰਾਂ ਨੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ 12 ਵਜੇ ਤੱਕ ਸਾਥੀ ਰਿਹਾਅ ਨਾ ਹੋਏ ਤਾਂ ਆਪਣੇ ਆਪ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਲੈਣਗੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਿਰਫ਼ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ, ਹੁਣ “ਕਰੋ ਜਾਂ ਮਰੋ” ਦੀ ਨੀਤੀ ਅਪਣਾਵਾਂਗੇ।
ਫਿਰੋਜ਼ਪੁਰ ਡਿਪੂ ਵਿੱਚ ਪੂਰਨ ਚੱਕਾ ਜਾਮ ਕਰਕੇ ਧਰਨਾ ਲਗਾਇਆ ਗਿਆ। ਯੂਨੀਅਨ ਪ੍ਰਧਾਨ ਜਤਿੰਦਰ ਸਿੰਘ ਤੇ ਸੈਕਟਰੀ ਮੁੱਖਪਾਲ ਸਿੰਘ ਨੇ ਕਿਹਾ ਕਿ ਟੈਂਡਰ ਰੱਦ ਹੋ ਜਾਣ ਤਾਂ ਲੋਕਾਂ ਨੂੰ ਤਕਲੀਫ਼ ਨਹੀਂ ਦੇਣੀ ਸੀ, ਪਰ ਸਰਕਾਰ ਨੇ ਸੁਣਵਾਈ ਨਾ ਕੀਤੀ। ਪਿਛਲੀ ਰਾਤ ਕਈ ਆਗੂਆਂ ਨੂੰ ਘਰਾਂ ਤੋਂ ਚੁੱਕਿਆ ਗਿਆ, ਜਿਸ ਕਾਰਨ ਅੱਜ ਪੂਰਾ ਬੱਸ ਅੱਡਾ ਬੰਦ ਕੀਤਾ ਗਿਆ।
ਪਟਿਆਲਾ ਵਿੱਚ ਧਰਨੇ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਕਈ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਪੂਰਥਲਾ ਬੱਸ ਸਟੈਂਡ ’ਤੇ ਇੱਕ ਆਗੂ ਨੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਰੋਕ ਲਿਆ; ਆਗੂਆਂ-ਪੁਲਿਸ ਵਿੱਚ ਹੱਥੋਪਾਈ ਵੀ ਹੋਈ।
ਬਠਿੰਡਾ ਡਿਪੂ ਵਿੱਚ ਕੱਚੇ ਕਾਮੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਤੇ ਨਾਅਰੇਬਾਜ਼ੀ ਕੀਤੀ। ਦਰਜਨਾਂ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਫਿਰ ਹੜਤਾਲ ਕਰਕੇ ਸਾਰੀਆਂ ਬੱਸਾਂ ਰੋਕ ਦਿੱਤੀਆਂ।
ਸਮੁੱਚੇ ਪੰਜਾਬ ਵਿੱਚ ਬੱਸ ਸੇਵਾਵਾਂ ਠੱਪ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇ ਟੈਂਡਰ ਰੱਦ ਨਾ ਕੀਤੇ ਤੇ ਗ੍ਰਿਫ਼ਤਾਰ ਸਾਥੀ ਰਿਹਾਅ ਨਾ ਹੋਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

