ਚੰਡੀਗੜ੍ਹ : ਪੰਜਾਬ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਰੋਡਵੇਜ਼ ਬੱਸਾਂ ਆਮ ਵਾਂਗ ਹੀ ਸੜਕਾਂ ਉੱਤੇ ਦੌੜਨਗੀਆਂ। ਪੰਜਾਬ ਰੋਡਵੇਜ਼ ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਦਾ ਭਰੋਸਾ ਮਿਲਣ ਤੋਂ ਬਾਅਦ ਆਪਣਾ ਹੜਤਾਲ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਯੂਨੀਅਨ ਵੱਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਭਰ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਸੀਐੱਮ ਮਾਨ ਨਾਲ ਇਹ ਮੀਟਿੰਗ ਕਦੋਂ ਹੋਵੇਗੀ, ਇਸਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸ ਦਰਮਿਆਨ ਕੁਝ ਮੀਡੀਆ ਅਦਾਰਿਆਂ ਵੱਲੋਂ ਅਤੇ ਸੋਸ਼ਲ ਮੀਡੀਆ ਉੱਤੇ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਰੋਡਵੇਜ਼ ਦੀਆਂ ਬੱਸਾਂ ਨੂੰ ਦੋ ਦਿਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਬੱਸਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ। ਪਰ ਯੂਨੀਅਨ ਵੱਲੋਂ ਇਹ ਹੜਤਾਲ ਦਾ ਸੱਦਾ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਐਕਸ਼ਨ ਤੋਂ ਪਹਿਲਾਂ ਹੀ ਦਿੱਤਾ ਹੋਇਆ ਸੀ। ਪਰ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਵਾਪਸ ਲਏ ਜਾਣ ਉੱਤੇ ਇਹ ਸਥਿਤੀ ਤਾਂ ਸਪੱਸ਼ਟ ਹੋ ਗਈ ਹੈ ਕਿ ਰੋਡਵੇਜ਼ ਦੀ ਹੜਤਾਲ ਦਾ ਸੱਦਾ ਅੰਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਦੀ ਕਾਰਵਾਈ ਕਰਕੇ ਨਹੀਂ ਦਿੱਤਾ ਗਿਆ ਸੀ ਬਲਕਿ ਪਹਿਲਾਂ ਤੋਂ ਹੀ ਇਹ ਪ੍ਰੋਗਰਾਮ ਤੈਅ ਸੀ।
ਦਰਅਸਲ, ਪੰਜਾਬ ਪੁਲਿਸ ਵੱਲੋਂ ਵੀ ਕੱਲ੍ਹ ਇੱਕ ਪੋਸਟ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਸੋਸ਼ਲ ਮੀਡੀਆ ‘ਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰੋ। ਸਿਰਫ ਭਰੋਸੇਯੋਗ ਸਰੋਤਾਂ ‘ਤੇ ਹੀ ਵਿਸ਼ਵਾਸ ਕਰੋ। ਨਾਗਰਿਕਾਂ ਨੂੰ ਅਪੀਲ ਕਰਦਿਆਂ ਪੁਲਿਸ ਨੇ ਕਿਹਾ ਸੀ ਕਿ ਉਹ ਘਬਰਾਉਣ ਨਾ ਅਤੇ ਜਾਅਲੀ ਖ਼ਬਰਾਂ ਜਾਂ ਨਫ਼ਰਤ ਭਰੇ ਭਾਸ਼ਣ ਨਾ ਫੈਲਾਉਣ। ਇਸ ਦੌਰਾਨ ਰੋਡਵੇਜ਼ ਦੀ ਹੜਤਾਲ ਨੂੰ ਅੰਮ੍ਰਿਤਪਾਲ ਸਿੰਘ ਦੀ ਘਟਨਾ ਦੇ ਨਾਲ ਜੋੜਿਆ ਜਾ ਰਿਹਾ ਸੀ, ਜਿਸਦੀ ਸਥਿਤੀ ਅੱਜ ਸਪੱਸ਼ਟ ਹੋ ਗਈ ਹੈ।