‘ਦ ਖ਼ਾਲਸ ਬਿਊਰੋ :- ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਅੱਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਕੋਵਿਡ-19 ਕਾਰਨ ਆਮ ਲੋਕ ਪਹਿਲਾਂ ਹੀ ਬਹੁਤ ਮੁਸੀਬਤ ਵਿੱਚ ਹਨ, ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਖੇਤੀਬਾੜੀ ਸੈਕਟਰ ਦੇ ਮਾਹਿਰ ਕਹਿੰਦੇ ਹਨ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ, ਤਨਖਾਹਾਂ ਵਿੱਚ ਕਟੌਤੀ ਅਤੇ ਬੇਰੁਜ਼ਗਾਰੀ ਵਿੱਚ ਵਾਧੇ ਕਾਰਨ ਸਰਕਾਰ ਵੱਲੋਂ ਕੀਤੇ ਜਾ ਰਹੇ ਰਾਹਤ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਵਪਾਰ ਦੇ ਅੰਕੜਿਆਂ ਅਨੁਸਾਰ 21 ਅਕਤੂਬਰ ਨੂੰ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਇਹ ਜੂਨ ਵਿੱਚ 20 ਰੁਪਏ ਪ੍ਰਤੀ ਕਿੱਲੋ ਸੀ। ਇਸੇ ਤਰ੍ਹਾਂ ਆਲੂ ਵੀ ਇਸ ਸਮੇਂ ਦੌਰਾਨ 30 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਪਿਛਲੇ ਹਫ਼ਤੇ ਮਦਰ ਡੇਅਰੀ ਦੀਆਂ ਸਫਲ ਦੁਕਾਨਾਂ ‘ਤੇ ਆਲੂ 58 ਤੋਂ 62 ਰੁਪਏ ਦੇ ਸਨ। ਉਸੇ ਸਮੇਂ ਇਨ੍ਹਾਂ ਦੁਕਾਨਾਂ ‘ਤੇ ਪਿਆਜ਼ ਗਾਇਬ ਸੀ।