The Khalas Tv Blog Punjab ਪੰਜਾਬ ਸਰਕਾਰ ’ਤੇ ਵਰ੍ਹਿਆ ਅਰਜੁਨ ਬਬੂਟਾ! ਕਈ ਮੈਡਲ ਜਿੱਤਣ ਦੇ ਬਾਵਜੂਦ ਸਰਕਾਰ ਤੋਂ ਨਹੀਂ ਮਿਲੀ ਕੋਈ ਮਦਦ
Punjab Sports

ਪੰਜਾਬ ਸਰਕਾਰ ’ਤੇ ਵਰ੍ਹਿਆ ਅਰਜੁਨ ਬਬੂਟਾ! ਕਈ ਮੈਡਲ ਜਿੱਤਣ ਦੇ ਬਾਵਜੂਦ ਸਰਕਾਰ ਤੋਂ ਨਹੀਂ ਮਿਲੀ ਕੋਈ ਮਦਦ

ਬਿਉਰੋ ਰਿਪੋਰਟ: ਪੈਰਿਸ ਓਲੰਪਿਕ 2024 ’ਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਫਾਈਨਲ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੇ ਨਿਸ਼ਾਨੇਬਾਜ਼ ਅਰਜੁਨ ਬਾਬੂਟਾ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਇਲਜ਼ਾਮ ਲਾਇਆ ਹੈ ਕਿ ਕਈ ਮੈਡਲ ਜਿੱਤਣ ਦੇ ਬਾਵਜੂਦ ਉਸ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ। ਅਰਜੁਨ ਨੇ ਇਲਜ਼ਾਮ ਲਾਇਆ ਹੈ ਕਿ ਸੀਐਮ ਭਗਵੰਤ ਮਾਨ ਅਤੇ ਸਾਬਕਾ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ।

ਅਰਜੁਨ ਨੇ ਖ਼ੁਲਾਸਾ ਕੀਤਾ ਹੈ ਕਿ ਆਪਣੇ ਕਰੀਅਰ ਵਿੱਚ ਸਾਰੀਆਂ ਸਫ਼ਲਤਾਵਾਂ ਹਾਸਲ ਕਰਨ ਦੇ ਬਾਵਜੂਦ ਉਸ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਲਾਭ ਨਹੀਂ ਮਿਲਿਆ ਹੈ। ਕਾਂਸੀ ਤਮਗਾ ਜੇਤੂ ਸਰਬਜੋਤ ਸਿੰਘ ਅਤੇ ਕੁਝ ਹੋਰ ਨਿਸ਼ਾਨੇਬਾਜ਼ਾਂ ਦੇ ਨਾਲ ਪੈਰਿਸ ਤੋਂ ਭਾਰਤ ਪਰਤੇ 25 ਸਾਲਾ ਅਰਜੁਨ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਅਨੁਸਾਰ ਉਨ੍ਹਾਂ ਨੂੰ ਇੱਕ ਨਿਸ਼ਚਿਤ ਰੈਂਕ ਦਿੱਤਾ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ 2022 ਵਿੱਚ ਕੀਤਾ ਸੀ ਵਾਅਦਾ

ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਅਰਜੁਨ ਨੇ ਕਿਹਾ- ਮੈਨੂੰ ਸੂਬਾ ਸਰਕਾਰ ਤੋਂ ਕੋਈ ਲਾਭ ਨਹੀਂ ਮਿਲਿਆ ਹੈ। 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੈਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਮੈਂ ਇਸ ਸਬੰਧੀ ਇੱਕ ਪੱਤਰ ਵੀ ਲਿਖਿਆ ਹੈ ਪਰ ਜਵਾਬ ਵਿੱਚ ਮੈਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ। ਇਹ ਬਹੁਤ ਨਿਰਾਸ਼ਾਜਨਕ ਹੈ। ਮੈਨੂੰ ਉਮੀਦ ਹੈ ਕਿ ਉਹ (ਮੁੱਖ ਮੰਤਰੀ) ਇਸ ਵੱਲ ਧਿਆਨ ਦੇਣਗੇ। ਕਿਉਂਕਿ, ਨੌਕਰੀ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।

ਉਸ ਨੇ ਕਿਹਾ ਕਿ ਭਗਵੰਤ ਮਾਨ ਹੀ ਨਹੀਂ, ਮੈਂ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਤੋਂ ਵੀ ਇਹੀ ਮੰਗ ਕੀਤੀ ਸੀ। ਸੀ.ਐਮ. ਭਗਵੰਤ ਮਾਨ ਨੇ ਦੱਸਿਆ ਸੀ ਕਿ ਉਸ ਵੇਲੇ ਦੀ ਨੀਤੀ ਵੱਖਰੀ ਸੀ। ਹੁਣ ਇਸ ਵਿੱਚ ਬਦਲਾਅ ਕੀਤੇ ਗਏ ਹਨ। ਖੇਡਾਂ ਵਿੱਚ ਮੇਰੀਆਂ ਪ੍ਰਾਪਤੀਆਂ ਦੇ ਹਿਸਾਬ ਨਾਲ ਮੈਨੂੰ ਇੱਕ ਨਿਸ਼ਚਿਤ ਰੈਂਕ ਦਿੱਤਾ ਜਾਣਾ ਚਾਹੀਦਾ ਹੈ।

ਬਬੂਟਾ ਨੇ ਕਿਹਾ ਕਿ ਸਰਕਾਰਾਂ ਬਦਲ ਰਹੀਆਂ ਹਨ, ਪਰ ਮੰਗ ਉਹੀ ਹੈ। ਉਮੀਦ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਓਲੰਪਿਕ ਵਿੱਚ ਭਾਗ ਲੈਣ ਵਾਲੇ ਆਪੋ-ਆਪਣੇ ਰਾਜਾਂ ਦੇ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਖੇਡ ਮੰਤਰੀ ਨੇ ਪੰਜਾਬ ਦੇ ਨਿਸ਼ਾਨੇਬਾਜ਼ਾਂ ਲਈ ਕੁਝ ਨਹੀਂ ਕੀਤਾ।

ਬਬੂਟਾ ਨੇ ਨਿਰਾਸ਼ਾ ਜਤਾਉਂਦਿਆਂ ਕਿਹਾ, “ਉਨ੍ਹਾਂ ਨੇ ਏਅਰਪੋਰਟ ’ਤੇ ਸਾਡਾ ਸੁਆਗਤ ਵੀ ਨਹੀਂ ਕੀਤਾ। ਜੇਕਰ ਪੰਜਾਬ ਵਿੱਚ ਖੇਡਾਂ ਦੀ ਹਾਲਤ ਵਿਗੜ ਰਹੀ ਹੈ ਤਾਂ ਇਸ ਵਿੱਚ ਪੰਜਾਬ ਦੇ ਮੰਤਰੀਆਂ ਦੀ ਵੱਡੀ ਭੂਮਿਕਾ ਹੈ। ਚੰਗੇ ਖਿਡਾਰੀਆਂ ਨੇ ਜਾਂ ਤਾਂ ਆਪਣਾ ਸੂਬਾ ਬਦਲਿਆ ਹੈ ਜਾਂ ਦੇਸ਼।”

Exit mobile version