‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਨੇ ਯੂਕਰੇਨ ਦੀ ਸਥਿਤੀ ਨੂੰ ਦੇਖਦਿਆਂ ਦੋਵਾਂ ਦੇਸ਼ਾਂ ਵਿਚਾਲੇ ਉਡਾਣਾਂ ਦੀ ਸੰਖਿਆ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਮੁਤਾਬਕ ਹੁਣ ਏਅਰ ਬਬਲ ਵਿਵਸਥਾ ਦੇ ਅਧੀਨ ਉਡਾਣਾਂ ਦੀ ਸੰਖਿਆਂ ‘ਤੇ ਕੋਈ ਪਾਬੰਦੀ ਨਹੀਂ ਰਹੇਗੀ। ਮੰਤਰਾਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਫਲਾਈਟਜ਼ ਅਤੇ ਚਾਰਟਰ ਫਲਾਈਟਜ਼ ਦੀ ਸੰਖਿਆ ਸੀਮਤ ਨਹੀਂ ਕੀਤੀ ਜਾਵੇਗੀ।
ਦਰਅਸਲ, ਰੂਸ ਅਤੇ ਯੂਕਰੇਨ ਵਿੱਚ ਜਾਰੀ ਤਣਾਅ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਦੇ ਲਈ ਪਿਛਲੇ ਦਿਨੀਂ ਐਡਵਾਈਜ਼ਰੀ ਜਾਰੀ ਕੀਤੀ ਸੀ। ਐਡਵਾਈਜ਼ਰੀ ਵਿੱਚ ਕਿਹਾ ਗਿਆ ਸੀ ਕਿ ਜੇ ਉਨ੍ਹਾਂ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਨਹੀਂ ਹੈ ਤਾਂ ਉਹ ਅਸਥਾਈ ਰੂਪ ਵਿੱਚ ਵਾਪਸ ਪਰਤ ਸਕਦੇ ਹਨ।
ਇਸ ਤੋਂ ਬਾਅਦ ਭਾਰਤ ਆਉਣ ਵਾਲੀਆਂ ਉਡਾਣਾਂ ਦੀ ਸੀਮਤ ਸੰਖਿਆ ਦੇ ਕਾਰਨ ਪਰੇਸ਼ਾਨੀ ਹੋ ਰਹੀ ਸੀ। ਲੋਕ ਮੰਗ ਕਰ ਰਹੇ ਸਨ ਕਿ ਉਡਾਣਾਂ ਦੀ ਸੰਖਿਆ ਵਧਾਈ ਜਾਵੇ। ਹੁਣ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਕਰੋਨਾ ਦੇ ਕਾਰਨ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸ ਮਾਮਲੇ ਵਿੱਚ ਨਾਗਰਿਕ ਹਵਾਬਾਜ਼ੀ ਮੰਤਰਾਲਾ ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।