‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵੱਖ-ਵੱਖ ਕਿਸਾਨ ਲੀਡਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨੀ ਅੰਦੋਲਨ ਖਤਮ ਕਰਨ ਦੀ ਅਪੀਲ ਦਾ ਜਵਾਬ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ‘ਖੱਟਰ ਪਹਿਲਾਂ ਵੀ ਬਹੁਤ ਕੁੱਝ ਬੋਲਦੇ ਰਹੇ ਹਨ ਅਤੇ ਹੁਣ ਵੀ ਬੋਲ ਰਹੇ ਹਨ। ਖੱਟਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ’। ਪੰਧੇਰ ਨੇ ਕਿਹਾ ਕਿ ‘ਕਰੋਨਾ ਤਾਂ ਕਿਸਾਨੀ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਆਇਆ ਸੀ, ਕੀ ਉਦੋਂ ਕਰੋਨਾ ਨਹੀਂ ਫੈਲਿਆ ਸੀ। ਸਰਕਾਰ ਦਾ ਮਨਰੋਥ ਕਰੋਨਾ ਦੀ ਆੜ ਵਿੱਚ ਅੰਦੋਲਨ ਨੂੰ ਖਤਮ ਕਰਨਾ ਹੈ’।
ਕਿਸਾਨ ਲੀਡਰ ਹਰਿੰਦਰ ਲੱਖੋਵਾਲ ਨੇ ਕਿਹਾ ਕਿ ‘ਇਹ ਸਰਕਾਰਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਸਰਕਾਰਾਂ ਨੇ ਤਾਂ ਸਾਨੂੰ ਅਜੇ ਤੱਕ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ। ਇਹ ਸਾਨੂੰ ਬਸ ਤੰਗ ਕਰ ਰਹੀਆਂ ਹਨ। ਜੇ ਸਾਨੂੰ ਕੋਈ ਲੱਛਣ ਦਿਸਦਾ ਹੈ ਤਾਂ ਕਿਸਾਨ ਖੁਦ ਹੀ ਕਰੋਨਾ ਟੈਸਟ ਕਰਵਾ ਲੈਂਦੇ ਹਨ ਪਰ ਸਰਕਾਰ ਦੇ ਕਹਿਣ ‘ਤੇ ਕਿਸਾਨ ਟੈਸਟ ਨਹੀਂ ਕਰਵਾਉਣਗੇ। ਅੱਜ ਮੋਦੀ ਨੇ ਮਨ ਕੀ ਬਾਤ ਕੀਤੀ, ਪਰ ਕਿਸਾਨਾਂ ਦੇ ਮਨ ਕੀ ਬਾਤ ਕਿਉਂ ਨਹੀਂ ਕੀਤੀ ਗਈ’।