‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਨੇ ਹਾਈਕਮਾਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪੀ ਹੈ। ਹੁਣ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਅੰਦਰੂਨੀ ਰੱਫੜ-ਦੱਫੜ ਨੂੰ ਨਿਬੇੜਨ ਲਈ ਫੈਸਲਾ ਕਰੇਗੀ। ਕਮੇਟੀ ਨੇ ਕਿਹਾ ਕਿ ਹਾਲੇ ਰਿਪੋਰਟ ਜਨਤਕ ਨਹੀਂ ਕੀਤੀ ਜਾਵੇਗੀ। ਕਮੇਟੀ ਵਿੱਚ ਮਲਿੱਕਾਅਰਜਨ ਖੜਗੇ, ਹਰੀਸ਼ ਰਾਵਤ ਅਤੇ ਜੇਪੀ ਅਗਰਵਾਲ ਸ਼ਾਮਿਲ ਹਨ। ਇਸ ਕਮੇਟੀ ਨੇ ਕਾਂਗਰਸ ਦੇ ਸਾਰੇ ਮੰਤਰੀਆਂ ਦੇ ਨਾਲ ਇੱਕ-ਇੱਕ ਕਰਕੇ ਦਿੱਲੀ ਵਿੱਚ ਗੱਲਬਾਤ ਕੀਤੀ ਸੀ।
ਹਰੀਸ਼ ਰਾਵਤ ਨੇ ਕਿਹਾ ਕਿ ਅਸੀਂ ਆਪਣੀ ਰਿਪੋਰਟ ਪੂਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਸਾਰਿਆਂ ਦੇ ਪੱਖਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨਾਲ ਮੀਟਿੰਗ ਕੀਤੀ ਗਈ ਹੈ। ਜੇਪੀ ਅਗਰਵਾਲ ਨੇ ਕਿਹਾ ਕਿ ਰਿਪੋਰਟ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਾਈਕਮਾਨ ਅਗਲਾ ਫੈਸਲਾ ਤੈਅ ਕਰੇਗੀ। ਸਾਰੇ ਮੰਤਰੀਆਂ ਨੇ ਆਪਣੀ-ਆਪਣੀ ਗੱਲ ਕੀਤੀ ਹੈ, ਜੋ ਅਸੀਂ ਰਿਪੋਰਟ ਵਿੱਚ ਸ਼ਾਮਿਲ ਕੀਤੀ ਹੈ। ਮਲਿੱਕਾਅਰਜਨ ਖੜਗੇ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹਾਈਕਮਾਨ ਕੋਈ ਫੈਸਲਾ ਲੈ ਸਕਦੀ ਹੈ। ਅਸੀਂ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸਾਨੂੰ ਜਿੰਨਾ ਕੰਮ ਕਿਹਾ ਗਿਆ ਹੈ, ਅਸੀਂ ਉਨਾ ਕੰਮ ਕਰ ਦਿੱਤਾ ਹੈ।