‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਨੂੰ ਰੋਕਣ ਲਈ ਮੈਡੀਕਲ ਸਾਇੰਸ ਵੱਡੇ ਪੱਧਰ ‘ਤੇ ਖੋਜ ਕਰ ਰਹੀ ਹੈ। ਵੈਕਸੀਨ ਦੇ ਕਈ ਪੜਾਅ ਹਾਲੇ ਵੀ ਸ਼ੋਧ ਅਧੀਨ ਹਨ। ਇਸੇ ਕੜੀ ਵਿੱਚ ਖੋਜੀਆਂ ਨੇ ਦਾਅਵਾ ਕੀਤਾ ਕਿ ਕੋਰੋਨਾ ਨਾਲ ਮੁਕਾਬਲੇ ਵਿਚ ਸੂਰਜ ਦੀ ਰੋਸ਼ਨੀ ਵੀ ਮਦਦਗਾਰ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧੁੱਪ ਵਿਚ ਜ਼ਿਆਦਾ ਸਮਾਂ ਰਹਿਣ ਨਾਲ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਘਟ ਕੀਤੀਆਂ ਜਾ ਸਕਦੀਆਂ ਹਨ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਤ ਦਰ ਘੱਟ ਕਰਨ ਦਾ ਇਹ ਆਸਾਨ ਤਰੀਕਾ ਹੋ ਸਕਦਾ ਹੈ। ਬ੍ਰਿਟਿਸ਼ ਜਰਨਲ ਆਫ ਡਰਮੇਟੋਲੋਜੀ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸੂਰਜ ਦੀ ਰੋਸ਼ਨੀ ਵਿਚ ਕਰੀਬ 95 ਫ਼ੀਸਦੀ ਅਲਟ੍ਰਾਵਾਇਲੇਟ (ਪਰਾਬੈਂਗਨੀ) ਕਿਰਨਾਂ ਹੁੰਦੀਆਂ ਹਨ, ਜਿਹੜੀਆਂ ਚਮੜੀ ਵਿਚ ਡੂੰਘਾਈ ਤਕ ਜਾਂਦੀਆਂ ਹਨ। ਖੁੱਲ੍ਹੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਕੋਰੋਨਾ ਨਾਲ ਮੌਤ ਦਾ ਘੱਟ ਖ਼ਤਰਾ ਪਾਇਆ ਗਿਆ ਹੈ।
ਖੋਜੀਆਂ ਨੇ ਅਮਰੀਕਾ ਵਿਚ ਬੀਤੇ ਵਰ੍ਹੇ ਜਨਵਰੀ ਤੋਂ ਅਪ੍ਰੈਲ ਦੌਰਾਨ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਇਸ ਮਿਆਦ ਦੌਰਾਨ ਅਮਰੀਕਾ ਦੇ 2 ਹਜ਼ਾਰ 474 ਕਾਊਂਟੀ ਵਿਚ ਅਲਟ੍ਰਾਵਾਇਲੇਟ ਕਿਰਨਾਂ ਦੇ ਪੱਧਰਾਂ ’ਤੇ ਵੀ ਗੌਰ ਕੀਤਾ। ਉਨ੍ਹਾਂ ਇੰਗਲੈਂਡ ਅਤੇ ਇਟਲੀ ਵਿਚ ਵੀ ਇਸੇ ਤਰ੍ਹਾਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਦੇ ਨਤੀਜੇ ਦੇਖਣ ਨੂੰ ਮਿਲੇ ਹਨ।
ਬ੍ਰਿਟੇਨ ਦੀ ਏਡਿਨਬਰਗ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੇ ਲਿਹਾਜ਼ ਨਾਲ ਸੂਰਜ ਦੀ ਰੋਸ਼ਨੀ ਅਹਿਮ ਹੈ। ਮੌਤ ਦਰ ਘੱਟ ਕਰਨ ਦਾ ਇਹ ਆਸਾਨ ਤਰੀਕਾ ਹੋ ਸਕਦਾ ਹੈ। ਹਾਲਾਂਕਿ, ਇਸ ’ਤੇ ਹਾਲੇ ਹੋਰ ਅਧਿਐਨ ਕਰਨ ਦੀ ਜ਼ਰੂਰਤ ਹੈ। ਇਸ ਨਾਲ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਨਵੇਂ ਇਲਾਜਾਂ ਦੇ ਵਿਕਾਸ ਦਾ ਰਾਹ ਖੁੱਲ੍ਹ ਸਕਦਾ ਹੈ।