The Khalas Tv Blog Punjab ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਣ ਰਹੀਆਂ ਉੱਚੀਆਂ ਇਮਾਰਤਾਂ ਦੀ ਹੋਵੇਗੀ ਜਾਂਚ
Punjab Religion

ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਣ ਰਹੀਆਂ ਉੱਚੀਆਂ ਇਮਾਰਤਾਂ ਦੀ ਹੋਵੇਗੀ ਜਾਂਚ

ਬਿਊਰੋ ਰਿਪੋਰਟ: ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਣ ਰਹੀਆਂ ਉੱਚੀਆਂ ਇਮਾਰਤਾਂ ਦੀ ਜਾਂਚ ਹੋਵੇਗੀ। ਸਥਾਨਕ ਸਰਕਾਰਾਂ ਵਿਭਾਗ ਨੇ ਇਸਦਾ ਨੋਟਿਸ ਲਿਆ ਹੈ ਅਤੇ ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਵੀ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਗੁਰੂਘਰ ਦੇ ਆਲੇ ਦੁਆਲੇ ਬਣ ਰਹੀਆਂ ਉਸਾਰੀਆਂ ਦੀ ਉਚਾਈ ਨੂੰ ਨਿਯਮਤ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਦਰਅਸਲ ਕੁਝ ਸਮਾਂ ਪਹਿਲਾਂ ਕੁਝ ਜਥੇਬੰਦੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਬਣ ਰਹੀਆਂ ਉੱਚੀਆਂ ਇਮਾਰਤਾਂ ’ਤੇ ਇਤਰਾਜ਼ ਪ੍ਰਗਟਾਇਆ ਗਿਆ ਸੀ ਅਤੇ ਇਸ ਸਬੰਧ ਵਿੱਚ ਸਰਕਾਰ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ ਸੀ।

ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਅਧੀਨ ਸਕੱਤਰ ਵੱਲੋਂ ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀਰਵਾਰ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਉੱਚੀਆਂ ਇਮਾਰਤਾਂ ਬਣ ਰਹੀਆਂ ਹਨ, ਜਿਸ ਦਾ ਪ੍ਰਭਾਵ ਗੁਰੂਘਰ ਦੀ ਦਿਖ ’ਤੇ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਸਿੱਖ ਜਗਤ ਦਾ ਹੀ ਨਹੀਂ ਸਗੋਂ ਸਮੁੱਚੀ ਲੁਕਾਈ ਵਾਸਤੇ ਵੱਡੀ ਆਸਥਾ ਦਾ ਸਥਾਨ ਹੈ। ਇਸ ਤੋਂ ਇਲਾਵਾ ਇਹ ਗੁਰੂ ਅਸਥਾਨ ਵਿਲੱਖਣ ਅਤੇ ਵਿਰਾਸਤੀ ਦਰਜਾ ਵੀ ਰੱਖਦਾ ਹੈ। ਉਨ੍ਹਾਂ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ ਕਿ ਇਸ ਸਬੰਧ ਵਿੱਚ ਇਮਾਰਤਾਂ ਦੀ ਉਚਾਈ ਨੂੰ ਨਿਯਮਤ ਕੀਤਾ ਜਾਵੇ ਅਤੇ ਜੇਕਰ ਕੋਈ ਪਹਿਲਾਂ ਕਾਨੂੰਨ ਹੈ ਤਾਂ ਉਸ ਦੀ ਉਲੰਘਣਾ ਹੇਠ ਸਖਤ ਕਾਰਵਾਈ ਕੀਤੀ ਜਾਵੇ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਸਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਕੋਲੋਂ ਇੱਕ ਹਫਤੇ ਵਿੱਚ ਕਾਰਵਾਈ ਰਿਪੋਰਟ ਮੰਗੀ ਹੈ।

ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਇਸ ਮਾਮਲੇ ਵਿੱਚ ਵਿਭਾਗ ਨੂੰ ਕਾਰਵਾਈ ਵਾਸਤੇ ਹਦਾਇਤ ਕੀਤੀ ਗਈ ਸੀ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਨੇੜੇ ਹੀ ਬਣਾਈ ਜਾ ਰਹੀ ਇੱਕ ਇਮਾਰਤ ਦੀ ਉਚਾਈ ’ਤੇ ਵੀ ਇਤਰਾਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਮਾਰਤ ਦੀ ਵਧੇਰੇ ਉਚਾਈ ਨੂੰ ਰੋਕਣ ਬਾਰੇ ਭਰੋਸਾ ਦਿੱਤਾ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਧਮਕੀ ਭਰੇ ਈਮੇਲ ਪੱਤਰਾਂ ਕਾਰਨ ਪਹਿਲਾਂ ਹੀ ਚਰਚਾ ਵਿੱਚ ਹੈ।

Exit mobile version