The Khalas Tv Blog Punjab ਭਰਤੀ ਕਮੇਟੀ ਦਾ ਡੈਲੀਗੇਟ ਇਜਲਾਸ ਅੱਜ,
Punjab Religion

ਭਰਤੀ ਕਮੇਟੀ ਦਾ ਡੈਲੀਗੇਟ ਇਜਲਾਸ ਅੱਜ,

ਅੱਜ, 11 ਅਗਸਤ 2025 ਨੂੰ, ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦੇ ਪ੍ਰਧਾਨ ਦੀ ਚੋਣ ਲਈ ਅਕਾਲ ਤਖ਼ਤ ਵੱਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਡੈਲੀਗੇਟ ਇਜਲਾਸ ਹੋ ਰਿਹਾ ਹੈ। ਇਹ ਇਜਲਾਸ ਹਰਿਮੰਦਰ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ, ਨਿਹੰਗ ਜਥੇਬੰਦੀ ਬੁੱਢਾ ਦਲ ਦੀ ਛਾਉਣੀ ਸਥਿਤ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸਵੇਰੇ 11 ਵਜੇ ਸ਼ੁਰੂ ਹੋਵੇਗਾ।

ਇਸ ਵਿੱਚ 528 ਤੋਂ ਵੱਧ ਡੈਲੀਗੇਟ ਸ਼ਾਮਲ ਹੋਣਗੇ, ਜੋ ਪ੍ਰਧਾਨ ਦੀ ਚੋਣ ਲਈ ਇੱਕ ਉਮੀਦਵਾਰ ਦਾ ਨਾਮ ਪ੍ਰਸਤਾਵਿਤ ਅਤੇ ਸਮਰਥਨ ਕਰਨਗੇ। ਪ੍ਰਧਾਨਗੀ ਦੀ ਦੌੜ ਵਿੱਚ ਸੁਰਜੀਤ ਸਿੰਘ ਰੱਖੜਾ, ਬੀਬੀ ਸਤਵੰਤ ਕੌਰ, ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਸਭ ਤੋਂ ਅੱਗੇ ਹਨ। ਸੀਨੀਅਰ ਆਗੂਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ‘ਤੇ ਸਹਿਮਤੀ ਬਣੀ ਹੈ, ਹਾਲਾਂਕਿ ਉਨ੍ਹਾਂ ਨੇ ਸ਼ੁਰੂ ਵਿੱਚ ਅਹੁਦੇ ਲਈ ਇਨਕਾਰ ਕੀਤਾ ਸੀ, ਪਰ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਮਨਾ ਲਿਆ ਗਿਆ ਹੈ।

ਇਹ ਪੰਜ ਮੈਂਬਰੀ ਕਮੇਟੀ, ਜਿਸ ਵਿੱਚ ਮਨਪ੍ਰੀਤ ਸਿੰਘ ਅਯਾਲੀ, ਇਕਬਾਲ ਸਿੰਘ ਝੁੰਡਾ, ਸੰਤਾ ਸਿੰਘ ਉਮੈਦਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਅਤੇ ਸਤਵੰਤ ਕੌਰ ਸ਼ਾਮਲ ਹਨ, ਨੂੰ ਅਕਾਲ ਤਖ਼ਤ ਨੇ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਗਠਨ ਲਈ ਨਿਯੁਕਤ ਕੀਤਾ ਸੀ।

ਕਮੇਟੀ ਨੇ ਮਾਰਚ ਵਿੱਚ ਸਦੱਸਤਾ ਮੁਹਿੰਮ ਸ਼ੁਰੂ ਕੀਤੀ ਅਤੇ ਹੁਣ ਇਹ ਇਜਲਾਸ ਪ੍ਰਧਾਨ ਅਤੇ ਹੋਰ ਅਹੁਦਿਆਂ ਦੀ ਚੋਣ ਲਈ ਕਰਵਾਇਆ ਜਾ ਰਿਹਾ ਹੈ। ਸੀਨੀਅਰ ਆਗੂਆਂ ਨੇ ਕਮੇਟੀ ਨਾਲ ਮੀਟਿੰਗ ਕਰਕੇ ਪੰਥਕ ਤਾਲਮੇਲ ਕਮੇਟੀ ਬਣਾਉਣ ‘ਤੇ ਵੀ ਚਰਚਾ ਕੀਤੀ, ਜਿਸ ਨਾਲ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ਖੁੱਲ੍ਹੇ।ਜੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਵਾਨ ਹੋ ਜਾਂਦਾ ਹੈ, ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦੇ ਪ੍ਰਧਾਨ ਬਣ ਜਾਣਗੇ, ਜੋ ਪਾਰਟੀ ਦੀ ਰਣਨੀਤੀ ਅਤੇ ਢਾਂਚੇ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚੰਤ ਸਿੰਘ ਗਰੇਵਾਲ ਨੇ ਬਾਗੀ ਧੜੇ ਦੇ ਮਕਸਦ ‘ਤੇ ਸਵਾਲ ਉਠਾਏ, ਪਰ ਕਮੇਟੀ ਨੇ ਸਪੱਸ਼ਟ ਕੀਤਾ ਕਿ ਅੰਤਿਮ ਫੈਸਲਾ ਡੈਲੀਗੇਟਸ ਦੀ ਮੀਟਿੰਗ ਵਿੱਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ  ਚੁੱਲ੍ਹੇ ਸਮੇਟਣ ਦੀ ਕਹਿਣ ਵਾਲੇ ਨਵਾਂ ਚੁੱਲ੍ਹਾ ਕਿਉਂ ਲਗਾ ਰਹੇ ਹਨ।

ਇਹ ਮੀਟਿੰਗ ਨਾ ਸਿਰਫ਼ ਪਾਰਟੀ ਦੇ ਭਵਿੱਖ ਲਈ ਮਹੱਤਵਪੂਰਨ ਹੈ, ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਜਨੀਤਿਕ ਭਵਿੱਖ ’ਤੇ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ। ਬਾਗ਼ੀ ਧੜੇ ਦਾ ਦੋਸ਼ ਹੈ ਕਿ ਮੌਜੂਦਾ ਲੀਡਰਸ਼ਿਪ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਪੰਥਕ ਸਿਧਾਂਤਾਂ ਤੋਂ ਭਟਕਾ ਰਹੀ ਹੈ ਤੇ ਪਾਰਟੀ ’ਚ ਲੋਕਤੰਤਰੀ ਪਰੰਪਰਾਵਾਂ ਨੂੰ ਕਮਜ਼ੋਰ ਕਰ ਰਹੀ ਹੈ।

Exit mobile version