The Khalas Tv Blog Punjab ਪ੍ਰਧਾਨਗੀ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਦੀ ਪ੍ਰੈਸ ਮਿਲਣੀ
Punjab

ਪ੍ਰਧਾਨਗੀ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਦੀ ਪ੍ਰੈਸ ਮਿਲਣੀ

‘ਦ ਖਾਲਸ ਬਿਊਰੋ:ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਰਾਜਾ ਵੜਿੰਗ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ,ਜਿਸ ਕੋਲ 150 ਸਾਲ ਪੁਰਾਣਾ ਇਤਿਹਾਸ ਹੈ ਤੇ ਇਸ ਪਾਰਟੀ ਨੇ ਦੇਸ਼ ਦੀ ਆਜਾਦੀ ਲਈ ਜਾਨਾਂ ਦਿਤੀਆਂ ਹਨ।

ਉਹਨਾਂ ਆਪਣੀ ਚੋਣ ਲਈ ਸੋਨੀਆ ਗਾਂਧੀ,ਰਾਹੁਲ ਗਾਂਧੀ ਤੇ ਹੋਰ ਲੀਡਰਾਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਨਿਜ਼ੀ ਗੱਲਾਂ ਸਭ ਨਾਲ ਸਾਂਝੇ ਕਰਦੇ ਹੋਏ ਦਸਿਆ ਕਿ ਮੈਨੂੰ ਬਚਪਨ ਤੋਂ ਹੀ ਰਾਜਨੀਤੀ ਦਾ ਸ਼ੌਂਕ ਸੀ ਤੇ ਮੈਂ ਮਾਘੀ ਦੇ ਮੇਲੇ ਵਿੱਚ ਪੋਸਟਰ ਲਾਉਦਾਂ ਹੁੰਦਾ ਸੀ।ਇਸ ਮੁਕਾਮ ਤੱਕ ਪਹੁੰਚਣ ਲਈ ਆਪਣੇ ਸੰਘਰਸ਼ ਨੂੰ ਕੀਤਾ ਬਿਆਨ ਕਰਦੇ ਹੋਏ ਉਹਨਾਂ ਕਿਹਾ ਕਿ ਗਿਦੜਬਾਹਾ ਤੋਂ ਕਦੇ ਕੋਈ ਕਾਂਗਰਸੀ ਨਹੀਂ ਸੀ ਜਿਤਿਆ ਪਰ ਇਹ ਮਾਣ ਮੈਨੂੰ ਮਿਲਿਆ ਹੈ ।

ਕਾਂਗਰਸ ਪਾਰਟੀ ਨੇ ਮੇਰੀ ਪਛਾਣ ਬਣਾਈ ਹੈ। ਹੁਣ ਤੋਂ ਕਾਂਗਰਸ ਪਾਰਟੀ ਵਿੱਚ ਅਨੁਸ਼ਾਸਨ ਬਹੁਤ ਜਰੂਰੀ ਹੋਏਗਾ।ਹਰ ਜਗਾ ਤੇ ਤਿੰਨ ਡੀ ਬਹੁਤ ਜਰੂਰੀ ਹਨ।ਇਹ ਤਿੰਨ ਡੀ ਹਨ,ਡਿਸੀਪਲੀਨ,ਡਾਇਲਾਗ ਤੇ ਡੈਡੀਕੇਸ਼ਨ ਜੋ ਕਿ ਬਹੁਤ ਜਰੂਰੀ ਹਨ।

ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਇੱਕ ਨਵੀਂ ਕਾਂਗਰਸ ਦਾ ਗਠਨ ਹੋਏਗਾ।ਅਸੀਂ ਕਿਸਾਨਾਂ ਤੇ ਕਿਰਤੀਆਂ ਦੀ ਗੱਲ ਕਰਾਂਗੇ ਤੇ  ਵਿਰੋਧੀ ਧਿਰ ਦੀ ਇੱਕ ਸਕਾਰਾਤਮਕ ਭੂਮਿਕਾ ਨਿਭਾਵਾਂਗੇ।ਲੋਕ ਪੰਜਾਬ ਸਰਕਾਰ ਤੋਂ ਬਦਲਾਅ ਦੀ ਉਮੀਦ ਕਰ ਰਹੇ ਸੀ ਪਰ ਆਪ ਦੀਆਂ ਇੱਕ ਮਹੀਨੇ ‘ਚ ਕੁਝ ਖਾਸ ਪ੍ਰਾਪਤੀਆਂ ਨਹੀਂ ਹੋਈਆਂ ।

ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸੁਨੀਲ ਜਾਖੜ ਨੂੰ ਮਿਲਿਆ ਨੋਟਿਸ ਅਨੁਸ਼ਾਸਨ ਕਮੇਟੀ ਵਲੋਂ ਦਿੱਤਾ ਗਿਆ ਹੈ।ਇਸ ਬਾਰੇ ਮੈਂ ਕੁੱਝ ਵੀ ਨਹੀਂ ਕਹਿਣਾ।

ਨਵਜੋਤ ਸਿੱਧੂ ਦੇ ਰਾਜਪਾਲ ਨੂੰ ਮਿਲਣ ਦੇ ਮਾਮਲੇ ਤੇ ਬੜਿੰਗ ਨੇ ਕਿਹਾ ਕਿ ਹਰ ਵਿਅਕਤੀ ਨੂੰ ਹੱਕ ਹੈ ਕਿ ਉਹ ਕਿਸੇ ਨੂੰ ਵੀ ਮਿਲ ਸਕਦੇ ਹਨ।

ਸੁਰਜੀਤ ਧੀਮਾਨ ਬਾਰੇ ਉਹਨਾਂ ਕਿਹਾ ਕਿ ਉਸ ਦਾ ਕਾਂਗਰਸ ਨਾਲ ਕੋਈ ਸੰਬੰਧ ਨਹੀਂ ਹੈ।

ਉਹਨਾਂ ਹਾਰ ਦੇ ਕਾਰਨਾਂ ਨੂੰ ਕਬੂਲ ਕਰਦੇ ਹੋਏ ਇਹ ਕਿਹਾ ਕਿ ਵਰਕਰਾਂ ਨਾਲ ਮੇਲਜੋਲ ਦੀ ਘਾਟ ਹਾਰ ਦਾ ਕਾਰਣ ਹੈ।ਸੋ ਇਸ ਲਈ ਹਰ ਵਰਕਰ ਨਾਲ ਰਾਬਤਾ ਕਾਇਮ  ਕੀਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਦਾ ਰਵਈਆ ਪ੍ਰਧਾਨ ਮੰਤਰੀ ਵਾਂਗ ਹੀ ਹੈ।ਮੁੱਖ ਮੰਤਰੀ ਮਾਨ ਨੂੰ ਆਪਣੇ ਕੰਮਾ ਲਈ ਜਵਾਬਦੇਹ ਹੋਣਾ ਚਾਹਿਦਾ ਹੈ ।ਉਹਨਾਂ ਦਾਅਵਾ ਕੀਤਾ ਕਿ ਇੱਕ ਮਹੀਨੇ ਵਿੱਚ ਕਾਂਗਰਸ ਨੂੰ ਸੰਗਠਿਤ ਕਰ ਕੇ ਦਿਖਾਵਾਂਗਾ।

ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਤੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਬੋਲਦਿਆਂ ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹਨਾਂ ਦੀ ਪੇਸ਼ੀ ਸਮੇਂ ਨਾਲ ਜਰੂਰ ਜਾਵਾਂਗੇ।ਇਸ ਸੰਬੰਧ ਵਿੱਚ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਨੇ ਡੀਜੀਪੀ ਨੂੰ ਚਿੱਠੀ ਲਿੱਖੀ ਹੈ ਕਿ ਇਹ ਕੇਸ ਗਲਤ ਦਰਜ ਕੀਤਾ ਗਿਆ ਹੈ।ਇਸ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ।

ਉਹਨਾਂ ਪੰਜਾਬ ਦੇ ਭੱਖਦੇ ਮੁੱਦਿਆਂ ਤੇ ਆਪ ਤੇ  ਦੋਹਰਾ ਰੁਖ ਅਪਨਾਉਣ ਦਾ ਇਲਜ਼ਾਮ ਲਗਾਇਆ ਹੈ ਤੇ ਸਰਕਾਰ ਨੂੰ ਹਿਦਾਇਤ ਦਿੱਤੀ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਕੀਤਾ ਜਾਵੇ।

ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਪਾਰਟੀ ਵਿੱਚ ਵਾਰ-ਵਾਰ ਅਨੁਸ਼ਾਸਨ ਨੂੰ ਬਣਾਏ ਰੱਖਣ ਦੀ ਗੱਲ ਵੀ ਦੋਹਰਾਈ ਹੈ ।

Exit mobile version