The Khalas Tv Blog Khaas Lekh ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੈਨੇਡਾ ‘ਚ ਦਿੱਤੀ ਗਈ ਆਖਰੀ ਤਕਰੀਰ ਇੱਥੇ ਪੜ੍ਹੋ
Khaas Lekh

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੈਨੇਡਾ ‘ਚ ਦਿੱਤੀ ਗਈ ਆਖਰੀ ਤਕਰੀਰ ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ:- ਅੱਜ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ 25ਵਾਂ ਸ਼ਹੀਦੀ ਦਿਹਾੜਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਖਾਲੜਾ ਨੇ ਕੈਨੇਡਾ ਦੀ ਸੰਸਦ ਵਿੱਚ ਵੀ ਇਸ ਦੀ ਰਿਪੋਰਟ ਪੇਸ਼ ਕੀਤੀ ਸੀ ਅਤੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵੀ ਸੰਗਤ ਅੱਗੇ ਇਸ ਰਿਪੋਰਟ ਦਾ ਖੁਲਾਸਾ ਕੀਤਾ ਗਿਆ। ਉਨ੍ਹਾਂ ਵੱਲੋਂ ਕੈਨੇਡਾ ਵਿੱਚ ਅਪ੍ਰੈਲ 1995 ਨੂੰ ਦਿੱਤੀ ਗਈ ਆਖਰੀ ਸਪੀਚ ਇੱਥੇ ਪੜ੍ਹੋ।

ਮੈਂ ਕੈਨੇਡਾ ਇੱਕ ਖ਼ਾਸ ਮਿਸ਼ਨ ਦੇ ਲਈ ਆਇਆ ਹਾਂ। ਇਹ ਮਨੁੱਖੀ ਅਧਿਕਾਰਾਂ ਦਾ ਇੱਕ ਛੋਟਾ ਜਿਹਾ ਮਿਸ਼ਨ ਹੈ। ਅਸੀਂ ਕੈਨੇਡਾ ‘ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਹਾਂ। ਇਹ ਰਿਪੋਰਟ 10 ਸਾਲਾਂ ਦੇ ਜ਼ਬਰ ਦੀ ਇੱਕ ਕਹਾਣੀ ਪੇਸ਼ ਕਰਦੀ ਹੈ। ਉਸ ਰਿਪੋਰਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ ਤੇ ਕਿੰਨੇ ਭਰਾ, ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਹਨ। ਪਰ ਜਦੋਂ ਅਸੀਂ ਇਸ ਵਿਸ਼ੇ ‘ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਂਵਾਂ, ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ, ਉਨ੍ਹਾਂ ਕਿਹਾ ਕਿ ਜੇ ਤੁਸੀਂ ਗੱਲ ਅੱਗੇ ਕਰ ਦਿੱਤੀ ਤਾਂ ਸਾਡਾ ਪੁੱਤ ਅਜੇ ਤਾਂ ਜ਼ਿੰਦਾ ਹੈ, ਮਾਰ ਦੇਣਗੇ, ਇਸ ਲਈ ਅਸੀਂ ਤੁਹਾਨੂੰ ਵੀ ਨਹੀਂ ਦੱਸਣਾ। ਤਾਂ ਅਸੀਂ ਇੱਕ ਖਰੜਾ ਤਿਆਰ ਕਰਕੇ ਦੁਨੀਆ ਦੇ ਸਾਹਮਣੇ ਰੱਖਿਆ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ 2 ਹਜ਼ਾਰ ਬੱਚੇ ਲਾਪਤਾ ਹਨ।

ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਹਨ ਪਰ ਸਰਕਾਰ ਨੇ ਚੁੱਪੀ ਧਾਰੀ ਹੋਈ ਸੀ। ਅਸੀਂ ਫਿਰ ਕੁੱਝ ਪਰਿਵਾਰਾਂ ਵੱਲੋਂ ਹਾਈਕੋਰਟ ‘ਚ ਪਟੀਸ਼ਨਾਂ ਦਾਇਰ ਕਰਵਾਈਆਂ ਕਿ ਦੱਸੋ, ਇਹ ਬੱਚੇ ਕਿੱਥੇ ਹਨ ਤਾਂ ਸਰਕਾਰ ਨੇ ਹਲਫ਼ੀਆ ਬਿਆਨ ਦਿੱਤੇ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਜਾਣਦੇ ਹੀ ਨਹੀਂ ਹਾਂ। ਜਦੋਂ ਇਹ ਗੱਲ ਹੋਰ ਅੱਗੇ ਵਧੀ ਤਾਂ ਇਸ ਜ਼ੁਲਮ ਦੇ ਇੰਚਾਰਜ KPS ਗਿੱਲ ਨੇ ਅੰਮ੍ਰਿਤਸਗ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁੱਝ ਨਹੀਂ ਕਰ ਰਹੇ ਹਨ, ਇਹ ਪੰਜਾਬ ‘ਚ ਸ਼ਾਂਤੀ ਨਹੀਂ ਪੈਦਾ ਕਰਨਾ ਚਾਹੁੰਦੇ, ਇਹ ISI ਏਜੰਟ ਹਨ। ਉਸਨੇ ਕਿਹਾ ਕਿ ਲਾਪਤਾ ਹੋਏ ਇਹ ਬੱਚੇ ਯੂਰਪ, ਅਮਰੀਕਾ, ਕੈਨੇਡਾ ਵਿੱਚ ਦਿਹਾੜੀਆਂ ਕਰ ਰਹੇ ਹਨ। ਇਹ ਸਾਨੂੰ ਉਸ ਹਕੀਕਤ ਨੂੰ ਸਾਹਮਣੇ ਲਿਆਉਣ ਲਈ ਇੱਕ ਚੈਲੰਜ ਸੀ।  ਫਿਰ ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆ ਸਾਹਮਣੇ ਪੇਸ਼ ਕਰਨ ਲਈ ਆਪਣੇ-ਆਪ ਨੂੰ ਉਸ ਮੁਹਿੰਮ ‘ਚ ਪਾਇਆ ਜਿੱਥੇ ਸਾਨੂੰ ਕਈ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਅਸੀਂ ਮੜੀਆਂ ‘ਚ ਜਾ ਕੇ ਉੱਥੇ ਡਿਊਟੀ ਦਿੰਦੇ ਮੁਲਾਜ਼ਮਾਂ ਤੋਂ ਪੁੱਛਿਆ ਕਿ ਸਾਨੂੰ ਇਨ੍ਹਾਂ ਹੀ ਦੱਸ ਦਿਉ ਕਿ ਇਸ ਸਮੇਂ ‘ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕੁ ਲਾਸ਼ਾਂ ਦਿੱਤੀਆਂ ਸੀ।

ਕੋਈ ਕਹਿੰਦਾ ਸੀ ਕਿ ਅਸੀਂ 8-10 ਲਾਸ਼ਾਂ ਰੋਜ਼ ਦੀਆਂ ਸਾੜਦੇ ਹਾਂ ਤੇ ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੇ ਟਰੱਕ ਪੂਰਾ ਆਉਂਦਾ ਸੀ ਤੇ ਕਦੇ 2-4 ਲਾਸ਼ਾਂ ਆਉਂਦੀਆਂ ਸੀ। ਉਨ੍ਹਾਂ ਕੋਲੋਂ ਸਾਡੇ ਵੱਲੋਂ ਇਸ ਬਾਰੇ ਹਿਸਾਬ ਮੰਗੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਂਸੀਪਲ ਕਮੇਟੀ ਦਿੰਦੀ ਸੀ।

ਕਿਸਮਤ ਨਾਲ ਸਾਨੂੰ ਆਪਣੇ ਲਾਪਤਾ ਹੋਏ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਹੋਇਆ ਮਿਲਿਆ। ਇਸ ਹਿਸਾਬ ‘ਚ ਰੋਜ਼ਾਨਾ ਕਿੰਨਾ ਬਾਲਣ ਮੁਹੱਈਆ ਹੁੰਦਾ ਸੀ, ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ ਸੀ, ਬਾਰੇ ਲਿਖਿਆ ਹੋਇਆ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸ਼ਹਿਰਾਂ ਦੀਆਂ ਮਿਊਂਸੀਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ ‘ਚ 6017 ਲਾਸ਼ਾਂ ਅਜਿਹੀਆਂ ਸਨ ਜਿਨ੍ਹਾਂ ‘ਤੇ ਸਾਫ ਲਿਖਿਆ ਸੀ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਹਨ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਸੀ। ਇਨ੍ਹਾਂ ਲਾਸ਼ਾਂ ‘ਚ ਬੀਬੀਆਂ ਦੀਆਂ, ਬਜ਼ੁਰਗਾਂ ਦੀਆਂ ਲਾਸ਼ਾਂ ਵੀ ਸਨ। ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਕਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ ‘ਚ  ਗਏ, ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ।

ਅਸੀਂ ਉਸ ਸਮੇਂ ਬਸ ਇੱਕੋ ਹੀ ਮੰਗ ਕੀਤੀ ਸੀ ਕਿ ਸਾਨੂੰ ਕੁੱਝ ਨਹੀਂ ਚਾਹੀਦਾ, ਸਾਨੂੰ ਬਸ ਇਹੀ ਦੱਸ ਦਿਉ ਕਿ ਕਿਹੜੇ ਘਰ ਦਾ ਪੁੱਤ ਕਿਹੜੀ ਸ਼ਮਸ਼ਾਨ ਘਾਟ ਵਿੱਚ ਸਾੜਿਆ ਗਿਆ ਹੈ ਤਾਂ ਜੋ ਉਸਦੇ ਘਰ ਵਾਲੇ ਉਸਦੀ ਅੰਤਿਮ ਅਰਦਾਸ ਤਾਂ ਕਰ ਸਕਣ। ਪਰ ਹਾਈਕੋਰਟ ਨੇ ਸਾਨੂੰ ਕਿਹਾ ਕਿ ਤੁਸੀਂ ਇੰਝ ਕਰੋ ਕਿ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੇ ਘਰ ਦੀ ਲਾਸ਼ ਹੈ, ਉਨ੍ਹਾਂ ਨੂੰ ਭੇਜ ਦਿਉ। ਇਹ ਇੱਕ ਕੌਮ ਨਾਲ ਮਖੌਲ ਕੀਤਾ ਗਿਆ ਸੀ, ਉਨ੍ਹਾਂ ਪਰਿਵਾਰਾਂ ਨਾਲ ਮਖੌਲ ਕੀਤਾ ਸੀ, ਜਿਹੜੇ ਹੋਰ ਤਾਂ ਕੁੱਝ ਨਹੀਂ ਸੀ ਮੰਗ ਰਹੇ, ਸਿਰਫ਼ ਡੈੱਥ ਸਰਟੀਫਿਕੇਟ ਹੀ ਮੰਗ ਰਹੇ ਸੀ। ਕਿਉਂਕਿ ਅਸੀਂ ਹਾਈਕੋਰਟ ਤੋਂ ਮੰਗਿਆ ਸੀ ਕਿ ਸਾਨੂੰ ਸਾਡੇ ਨਾਲ ਸਬੰਧਿਤ ਵੀਰ-ਭਰਾ ਦੀ ਲਾਸ਼ ਬਾਰੇ ਜਾਣਕਾਰੀ ਚਾਹੀਦੀ ਹੈ ਪਰ ਉਹ ਸਾਨੂੰ ਹੀ ਕਹਿ ਰਹੇ ਹਨ ਕਿ ਜਿਸਦੀ ਜਾਣਕਾਰੀ ਤੁਹਾਨੂੰ ਹੈ, ਉਸਦੇ ਲਈ ਆ ਜਾਉ। ਇਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਨੂੰ ਜਵਾਬ ਦੇ ਦਿੱਤਾ ਸੀ।

ਇਸ ਲਈ ਅਸੀਂ ਲੋਕਾਂ ਦੀ ਕਚਿਹਰੀ ‘ਚ ਇਹ ਦੱਸਣਾ ਚਾਹੁੰਦੇ ਹਾਂ ਕਿ ਦੁਨੀਆ ਵਾਲਿਉ, ਤੁਸੀਂ ਸਾਨੂੰ ਅੱਤਵਾਦੀ ਆਖਿਆ ਹੈ ਪਰ ਜਿਨ੍ਹਾਂ ਨੂੰ ਤੁਸੀਂ ਮਸੀਹੇ ਆਖਿਆ ਸੀ, ਉਨ੍ਹਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਿਰ ਅੱਤਵਾਦੀ ਕੌਣ ਹੈ ਅਤੇ ਸੱਤਵਾਦੀ ਕੌਣ ਹੈ। ਕਿਉਂਕਿ ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ‘ਤੇ ਜ਼ੁਲਮ ਬਹੁਤ ਹੋਇਆ ਪਰ ਸਾਨੂੰ ਅਜੇ ਤੱਕ ਜ਼ੁਲਮ ਦਾ ਪੂਰਾ ਹਿਸਾਬ ਰੱਖਣ ਦਾ ਅਭਿਆਸ ਨਹੀਂ ਹੋਇਆ।

ਹਰੇਕ ਸਿੱਖ ਜਦ ਭਾਰਤੀ ਰਾਜ ਦੇ ਨਾਲ ਆਪਣੇ ਸਬੰਧਾਂ ਦੇ ਲੈਣ-ਦੇਣ ਕਰਦਾ ਹੈ ਤਾਂ ਉਸਦੇ ਮਨੁੱਖੀ ਅਧਿਕਾਰਾਂ ‘ਤੇ ਵਾਰ ਹੁੰਦਾ ਹੈ। ਭਾਰਤ ਸਰਕਾਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨਾਲ ਧੱਕਾ ਕਰਦੀ ਹੈ। ਦੁਨੀਆ ‘ਤੇ ਸਿਰਫ ਇੱਕ ਸਿੱਖ ਧਰਮ ਹੀ ਹੈ ਜਿਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ, ਦਰਬਾਰ ਸਾਹਿਬ ਜਾਣ ‘ਤੇ ਪਾਬੰਦੀਆਂ ਹਨ ਤੇ ਇਹ ਮਨੁੱਖੀ ਅਧਿਕਾਰ ਸਾਡਾ ਸਾਰਿਆਂ ਦਾ ਖੁੱਸਿਆ ਹੈ। ਸਾਡਾ ਤਾਂ ਵਿਚਾਰਾਂ ਨੂੰ ਪ੍ਰਗਟਾਉਣ ਦਾ ਮਨੁੱਖੀ ਅਧਿਕਾਰ ਵੀ ਖੋਹਿਆ ਗਿਆ ਹੈ।  ਆਪਾਂ ਦੁਨੀਆ ‘ਚ ਕਿਤੇ ਵੀ ਵੱਸਦੇ ਹੋਈਏ, ਰਾਜਨੀਤੀ ਕਿਸੇ ਨੂੰ ਵੀ ਮੰਨਦੇ ਹੋਈਏ, ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡੇ ਤਾਂ ਪਰਿਵਾਰ, ਧਾਰਮਿਕ ਅਦਾਰੇ ਵੀ ਹਿੰਦੂ ਐਕਟ ਮੁਤਾਬਕ ਗਵਰਨ ਹੁੰਦੇ ਹਨ।

21ਵੀਂ ਸਦੀ ਦੇ ਫਿਲਾਸਫਰ ਇਹੋ ਜਿਹੀਆਂ ਥਿਊਰੀਆਂ ਲਿਆ ਰਹੇ ਹਨ ਜਿਸਨੂੰ ਹਾਲੇ ਉਹ ਨੈਤਿਕਤਾ ‘ਤੇ ਆਧਾਰਿਤ ਰਾਜਨੀਤੀ ਕਹਿੰਦੇ ਹਨ। ਜੇ ਚੰਗਾ ਰਾਜ ਸਿਰਜਣਾ ਚਾਹੁੰਦੇ ਹੋ ਤਾਂ ਧਰਮ ਦਾ ਕੁੰਡਾ ਰਾਜ ਦੇ ਉੱਪਰ ਹੋਣਾ ਚਾਹੀਦਾ ਹੈ। ਇਹ ਫਲਸਫਾ ਸਿਰਫ਼ ਸਿੱਖਾਂ ਨੂੰ ਹੀ ਨਹੀਂ ਸੀ ਦਿੱਤਾ, ਦੁਨੀਆ ਵਿੱਚ ਸਮੁੱਚੀ ਮਾਨਵਤਾ ਨੂੰ ਸਾਡੇ ਸਤਿਗੁਰਾਂ ਨੇ ਦਿੱਤਾ ਸੀ। ਆਉ, ਪੂਰੇ ਵਿਸ਼ਵਾਸ ਨਾਲ ਇਸ ਫਲਸਫੇ ਨੂੰ ਦੁਨੀਆ ਅੱਗੇ ਰੱਖੀਏ ਕਿ ਦੁਨੀਆ ਵਾਲਿਉ, ਜੇ ਰਾਜਨੀਤਿਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਧਰਮ ਦੇ ਆਧਾਰ ‘ਤੇ ਰਾਜਨੀਤੀ ਜੋ ਮੀਰੀ-ਪੀਰੀ ਦੇ ਮਾਲਕ ਨੇ ਦਿੱਤੀ ਹੈ, ਸਾਰੇ ਉਸ ‘ਤੇ ਰਾਜ ਸਿਰਜੋ। ਇਹ ਰਾਜ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਹੱਲ ਹੋਵੇਗਾ।

ਇੱਕ ਉਹ ਵੀ ਪੰਜਾਬ ਹੈ, ਜਿੰਨੇ ਦਸਮ ਪਿਤਾ ਦੇ ਇਸ਼ਾਰੇ ‘ਤੇ ਆਪਣੇ ਸਿਰ ਭੇਟ ਕਰ ਦਿੱਤੇ। ਇੱਕ ਉਹ ਵੀ ਪੰਜਾਬ ਹੈ ਜਿੰਨੇ ਆਪਣੀ ਅਣਖ ਦੀ ਖਾਤਰ ਕੀ, ਜਿੰਨੇ ਦੁਨੀਆ ਦੀ ਇੱਜ਼ਤ ਬਚਾਉਣ ਲਈ, ਜਿੰਨੇ ਦਿੱਲੀ ਦੀ ਇੱਜ਼ਤ ਨੂੰ ਬਚਾਉਣ ਲਈ ਆਪਣੇ-ਆਪ ਨੂੰ ਵਾਰ ਦਿੱਤਾ।

ਨਾਦਰ ਸ਼ਾਹ ਨੇ ਦਿੱਲੀ ‘ਤੇ ਜਦ ਹਮਲਾ ਕੀਤਾ ਸੀ। ਉਸਨੇ ਇੰਨਾ ਜ਼ੁਲਮ ਕੀਤਾ, ਇੰਨਾ ਕਤਲ ਕੀਤਾ ਕਿ ਉਸਦੀ ਆਪਣੀ ਆਤਮਾ ਵੀ ਕੰਬਣ ਲੱਗੀ, ਤਾਂ ਸ਼ਾਮ ਨੂੰ ਉਹ ਆਪਣੇ ਸੈਨਾਪਤੀਆਂ ਨੂੰ ਕਹਿਣ ਲੱਗਾ ਕਿ ਆਪਾਂ ਇੱਥੋਂ ਛੇਤੀ ਵਾਪਿਸ ਚਲੇ ਜਾਈਏ। ਜਿੰਨਾ ਜ਼ੁਲਮ ਕੀਤਾ ਹੈ, ਉਹਦੇ ਤੋਂ ਇਨ੍ਹਾਂ ਲੋਕਾਂ ਦੀ ਜ਼ਮੀਰ ਜਾਗ ਸਕਦੀ ਹੈ ਤੇ ਕੱਲ੍ਹ ਨੂੰ ਸਮੱਸਿਆ ਖੜ੍ਹੀ ਹੋ ਸਕਦੀ ਹੈ। ਉਸ ਸਮੇਂ ਦੇ ਇੱਕ ਮਸ਼ਹੂਰ ਵਿਦਵਾਨ ਨੇ ਫਿਰ ਨਾਦਰ ਸ਼ਾਹ ਨੂੰ ਕਿਹਾ ਕਿ ਇਹ ਤੇਰੀ ਗਲਤ-ਫਹਿਮੀ ਹੈ। ਇਨ੍ਹਾਂ ਲੋਕਾਂ ਦੀ ਜ਼ਮੀਰ ਨਹੀਂ ਜਾਗੇਗੀ। ਉਹੀ ਹੋਇਆ, ਅਗਲੇ ਦਿਨ ਨਾਦਰ ਸ਼ਾਹ ਦੇ ਦਰਬਾਰ ‘ਚ ਲੋਕਾਂ ਦੀਆਂ ਬਹੁ-ਬੇਟੀਆਂ ਨੱਚਾਈਆਂ ਗਈਆਂ। ਇਹ ਵੀ ਇੱਕ ਪੰਜਾਬ ਹੈ।

ਤਾਂ ਇਹ ਗਲਤ ਫਹਿਮੀ ਕਿ ਹਰ ਕੋਈ ਪੰਜਾਬੀ ਅਣਖ ਵਾਲਾ ਹੈ, ਇਹ ਇੱਕ ਗਲਤ ਧਾਰਨਾ ਹੈ। ਆਪਾਂ ਗੁਰੂ ਤੋਂ ਸਭ ਕੁੱਝ ਮੰਗਦੇ ਹਾਂ ਪਰ ਉਸ ਤੋਂ ਇੱਕ ਦਾਤ ਅਸੀਂ ਡਰਦੇ ਹੀ ਨਹੀਂ ਮੰਗਦੇ। ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂ, ਪੁੱਤ ਦੀ ਵੀ ਨਹੀਂ ਹੈ। ਉਹ ਵਿਸ਼ੇਸ਼ ਦਾਤ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ, ਉਹ ਗੁਰੂ ਤਾਂ ਨਹੀਂ ਬਣਦੇ ਪਰ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਸਤਿਕਾਰਤ ਲੋਕ ਬਣਦੇ ਹਨ। ਸੋ, ਜੇ ਸਾਡੀ ਕਿਸਮਤ ‘ਚ ਇਹ ਦਾਤ ਨਹੀਂ ਤਾਂ ਘੱਟੋ-ਘੱਟ ਉਸ ਦਾਤ ਨੂੰ ਪ੍ਰਾਪਤ ਕਰਨ ਵਾਲਿਆਂ ਅੱਗੇ ਆਪਣਾ ਸਿਰ ਝੁਕਾਇਆ ਕਰੋ, ਉਸ ਦਾਤ ਨੂੰ ਪ੍ਰਾਪਤ ਕਰਨ ਦੀ ਇੱਛਾ ਜ਼ਰੂਰ ਕਰਿਆ ਕਰੋ। ਸਤਿਗੁਰ ਮਿਹਰ ਕਰੇ, ਜੇ ਅਸੀਂ ਇਹ ਮੰਗ ਕਰਾਂਗੇ ਤਾਂ ਉਹ ਬਾਕੀ ਸਾਰੀਆਂ ਦਾਤਾਂ ਇਸਦੇ ਵਿੱਚ ਹੀ ਦੇ ਦੇਣਗੇ।

ਖ਼ਾਲਸਾ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਜਿਆ ਗਿਆ ਸੀ ਤੇ ਜੇ ਤੁਸੀਂ ਆਪਣੇ ਅਧਿਕਾਰਾਂ ਦੀ ਹੀ ਰਾਖੀ ਨਹੀਂ ਕਰ ਸਕਦੇ ਤਾਂ ਦੁਨੀਆ ‘ਚ ਤੁਸੀਂ ਖ਼ਾਲਸੇ ਦੀ ਪਰਿਭਾਸ਼ਾ ਨਹੀਂ ਦੇ ਸਕੋਗੇ। ਖ਼ਾਲਸੇ ਦੀ ਵਿਆਖਿਆ ਕਰਨ ਲਈ ਹੀ ਆਪਣੇ ਫਰਜ਼ ਨੂੰ ਪਛਾਣੋ। ਸਤਿਗੁਰ ਤੋਂ ਸਿਰਫ ਲੈਣਾ ਹੀ ਨਾ ਸਿੱਖੋ, ਸਤਿਗੁਰ ਤੋਂ ਜੋ ਤੁਹਾਨੂੰ ਹਦਾਇਤ ਹੋਈ ਹੈ, ਉਹ ਵੀ ਪੂਰੀ ਕਰੋ।

Exit mobile version