‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੋਗਾ ਵਿੱਚ ਕੱਲ੍ਹ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਤੋਂ ਬਾਅਦ ਕਿਸਾਨ ਲੀਡਰਾਂ ਨੇ ਪੰਜਾਬ ਪੁਲਿਸ ਦੀ ਬਹੁਤ ਨਿੰਦਾ ਕੀਤੀ। ਮੋਗਾ ਦੇ ਐੱਸਐੱਸਪੀ ਧਰੁਮਨ ਐੱਚ. ਨਿੰਬਾਲੇ ਨੇ ਕਿਸਾਨਾਂ ‘ਤੇ ਹੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਪਹਿਲ ਕੀਤੀ ਗਈ ਸੀ, ਜਿਸ ਕਰਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਉਨ੍ਹਾਂ ਕਿਹਾ ਕਿ ਮੋਗਾ ਦੀ ਅਨਾਜ ਮੰਡੀ ਵਿਖੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਇਕੱਠ ਵੱਲੋਂ ਮੋਗਾ ਪੁਲਿਸ ਵੱਲੋਂ ਵਾਰ-ਵਾਰ ਅਪੀਲ ਕਰਨ ‘ਤੇ ਵੀ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਟਰੈਕਟਰਾਂ ਦੇ ਨਾਲ ਤੋੜਿਆ ਗਿਆ, ਪੁਲਿਸ ਨਾਲ ਹੱਥੋਪਾਈ ਕੀਤੀ ਗਈ ਅਤੇ ਪੁਲਿਸ ਉੱਪਰ ਪੱਥਰਬਾਜ਼ੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੁਲਿਸ ਦੇ ਵਾਹਨਾਂ ਅਤੇ ਉੱਥੇ ਮੌਜੂਦ ਆਮ ਜਨਤਾ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਰ ਵਿੱਚ ਪੱਥਰ ਵੱਜਣ ਕਾਰਨ ਡੀਐੱਸਪੀ ਗੁਰਦੀਪ ਸਿੰਘ ਅਤੇ ਹੋਰ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਧਰੁਮਨ ਐਚ. ਨਿੰਬਾਲੇ ਨੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਾਂਤਮਈ ਤਰੀਕੇ ਨਾਲ ਰੋਸ ਕਰਨ ਦੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਸਰਕਾਰੀ ਅਤੇ ਆਮ ਜਨਤਾ ਦੀ ਸੰਪਤੀ ਦਾ ਨੁਕਸਾਨ ਨਾ ਕਰਨ।