‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੂੰ ਬਿਜਲੀ ਸਪਲਾਈ ਦੇ ਘੰਟਿਆਂ ਵਿੱਚ ਵਾਧਾ ਕਰਨ ਲਈ ਆਪਣੇ ਵਿਸ਼ੇਸ਼ ਯਤਨਾਂ ਨੂੰ ਜਾਰੀ ਰੱਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਐਤਵਾਰ (4 ਜੁਲਾਈ) ਨੂੰ ਝੋਨੇ ਦੀ ਬਿਜਾਈ ਸਬੰਧੀ ਕੰਮਾਂ ਲਈ ਸੂਬੇ ਭਰ ਵਿੱਚ ਔਸਤਨ 10.3 ਘੰਟੇ ਬਿਜਲੀ ਸਪਲਾਈ ਕੀਤੀ ਗਈ। ਸੂਬੇ ਨੂੰ ਔਸਤਨ ਬਿਜਲੀ ਸਪਲਾਈ ਦਾ ਸਮਾਂ ਸ਼ਨਿਚਰਵਾਰ ਨੂੰ 9.8 ਘੰਟਿਆਂ ਤੋਂ ਵਧਾ ਕੇ ਐਤਵਾਰ ਨੂੰ 10.3 ਘੰਟੇ ਕਰ ਦਿੱਤਾ ਗਿਆ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਏ.ਵੇਨੂੰ ਪ੍ਰਸਾਦ ਨੇ ਐਤਵਾਰ ਨੂੰ ਖੇਤੀਬਾੜੀ ਕਾਰਜਾਂ ਲਈ ਸਪਲਾਈ ਕੀਤੀ ਗਈ ਬਿਜਲੀ ਦੇ ਸਮੇਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਨਿਚਰਵਾਰ ਨੂੰ ਬਾਰਡਰ ਜ਼ੋਨ ਗੁਰਦਾਸਪੁਰ, ਸਬ ਅੰਮ੍ਰਿਤਸਰ ਅਤੇ ਤਰਨ ਤਾਰਨ ਨੂੰ 12.4 ਘੰਟਿਆਂ ਦੇ ਮੁਕਾਬਲੇ 14.7 ਘੰਟੇ ਔਸਤਨ ਬਿਜਲੀ ਸਪਲਾਈ ਮਿਲੀ ਜਦੋਂ ਕਿ ਉੱਤਰੀ ਜ਼ੋਨ ਦੇ ਜ਼ਿਲ੍ਹਿਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨੂੰ 10.3 ਘੰਟਿਆਂ ਦੇ ਮੁਕਾਬਲੇ ਔਸਤਨ 11.0 ਘੰਟੇ ਬਿਜਲੀ ਸਪਲਾਈ ਮਿਲੀ। ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਦੱਖਣੀ ਜ਼ੋਨ ਦੇ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ ਜ਼ਿਲ੍ਹਿਆਂ ਨੂੰ ਔਸਤਨ 10.2 ਘੰਟੇ ਬਿਜਲੀ ਸਪਲਾਈ ਮਿਲੀ।