ਕੱਲ੍ਹ ਹੋਈ ਸੀ ਕਿਸਾਨ ਰਣਜੀਤ ਸਿੰਘ ਦੀ ਦਿੱਲੀ ਦੀ ਤਿਹਾੜ ਜੇਲ੍ਹ ‘ਚੋਂ ਰਿਹਾਈ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-47 ਦਿਨਾਂ ਬਾਅਦ ਤਿਹਾੜ ਜੇਲ੍ਹ ‘ਚੋਂ ਛੁੱਟੇ ਦਿੱਲੀ ਪੁਲਿਸ ਦਾ ਤਸ਼ੱਦਦ ਸਹਿਣ ਵਾਲੇ ਰਣਜੀਤ ਸਿੰਘ ਦੇ ਚੇਹਰੇ ‘ਤੋਂ ਮੁਸਕਾਨ ਨਹੀਂ ਗਈ। ਰਣਜੀਤ ਸਿੰਘ ਨੇ ਜੇਲ੍ਹ ‘ਚੋਂ ਬਾਹਰ ਆ ਕੇ ਗੱਜ ਕੇ ਫ਼ਤਿਹ ਬੁਲਾਉਂਦਿਆਂ ਕਿਹਾ ਕਿ ਉਹ ਹੁਣ ਵੀ ਡਟ ਕੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇਣਗੇ।
ਜੇਲ੍ਹ ‘ਚੋਂ ਬਾਹਰ ਆਉਣ ‘ਤੇ ਉਨ੍ਹਾਂ ਕਿਹਾ ਕਿ ਪੁਲਿਸ ਨੇ ਬਹੁਤ ਕੁੱਟਿਆ ਪਰ ਮੇਰੀਆਂ ਚੀਕਾਂ ਨਹੀਂ ਕਢਾ ਸਕੇ। ਮੇਰੇ ‘ਤੇ ਮਹਾਰਾਜ ਦੀ ਕਿਰਪਾ ਸੀ ਤੇ ਮੈਂ ਜਦੋਂ ਉਹ ਕੁੱਟ ਰਹੇ ਸੀ, ਮਹਾਰਾਜ ਦਾ ਨਾਂ ਲੈਂਦਾ ਰਿਹਾ ਹਾਂ। ਮਹਾਰਾਜ ਹੀ ਸਮਰੱਥ ਹੈ, ਜਿਸਨੇ ਮੈਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਿੱਖ ਸੰਗਤ ਦੇ ਨਾਲ-ਨਾਲ ਖ਼ਾਸ ਕਰਕੇ ਦਿੱਲੀ ਸਿੱਖ ਗੁਰੂਦੁਆਰਾ ਮਨੈਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਮਿਹਨਤ ਕਾਰਣ ਬਾਹਰ ਆ ਸਕਿਆ ਹਾਂ।
ਸ਼੍ਰੀ ਗੁਰੂ ਰਾਮ ਦਾਸ ਏਅਰਪੋਰਟ ‘ਤੇ ਰਣਜੀਤ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ
ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਰਣਜੀਤ ਸਿੰਘ ਤੇ ਮਨਜਿੰਦਰ ਸਿੰਘ ਸਿਰਸਾ ਦਾ ਸੰਗਤ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡਿਆ ਨਾਲ ਗੱਲ ਕਰਦਿਆਂ ਸਿਰਸਾ ਨੇ ਕਿਹਾ ਕਿ ਸਰਕਾਰ ਨੇ ਬੇਸ਼ੱਕ ਰਣਜੀਤ ਸਿੰਘ ਨਾਲ ਧੱਕਾ ਕੀਤਾ ਹੈ, ਅਸੀਂ ਇਸਦੀ ਪ੍ਰਵਾਹ ਨਹੀਂ ਕਰਦੇ। ਅਸੀਂ ਜਾਨ ਦੇ ਸਕਦੇ ਹਾਂ, ਪਰ ਆਪਣੇ ਪਰਿਵਾਰਾਂ ਤੋਂ ਪਿੱਛੇ ਨਹੀਂ ਹਟ ਸਕਦੇ।
ਮਸੀਂ ਪੁਤ ਮਿਲਿਆ ਹੈ : ਰਣਜੀਤ ਸਿੰਘ ਦੀ ਮਾਤਾ ਜੀ
ਹੱਥਾਂ ‘ਚ ਫੁੱਲਾਂ ਦੇ ਹਾਰ ਲੈ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਆਪਣੇ ਪੁੱਤਰ ਦਾ ਸਵਾਗਤ ਕਰਨ ਪਹੁੰਚੀ ਰਣਜੀਤ ਸਿੰਘ ਦੀ ਮਾਤਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹੁਣ ਵੀ ਇਹੀ ਕਹਿੰਦੇ ਹਾਂ ਕਿ ਕਿਸਾਨੀ ਅੰਦੋਲਨ ‘ਚ ਡਟੇ ਰਹਿਣਾ ਹੈ। ਸਾਡਾ ਪੂਰੇ ਸੰਸਾਰ ਨੇ ਸਾਥ ਦਿੱਤਾ ਹੈ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡਾ ਪੁੱਤ ਛੁਡਾ ਕੇ ਦਿੱਤਾ ਹੈ। ਇਹ ਪੁੱਤ ਮਸੀਂ ਪੁੱਤ ਮਿਲਿਆ ਹੈ।
ਰਣਜੀਤ ਸਿੰਘ ਦੀ ਰਿਹਾਈ ਲਈ ਸੁੱਖੀ ਸੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਸੁੱਖਣਾ
ਸਿਰਸਾ ਨੇ ਕਿਹਾ ਪੁਲਿਸ ਨੇ ਰਣਜੀਤ ਸਿੰਘ ਤੇ ਜੁਲਮ ਢਾਹਿਆ ਗਿਆ। ਦੇਸ਼ ਧ੍ਰੋਹ ਦੇ ਕੇਸ ਪਾ ਦਿੱਤੇ ਗਏ, ਜਿਨ੍ਹਾਂ ਵਿੱਚ 5-5 ਸਾਲ ਜ਼ਮਾਨਤਾਂ ਨਹੀਂ ਹੁੰਦੀਆਂ। ਇਹ ਸਾਡੀ ਪਹਿਲੀ ਸੁੱਖਣਾ ਸੀ ਕਿ ਰਣਜੀਤ ਸਿੰਘ ਦੀ ਰਿਹਾਈ ‘ਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਾਂਗੇ। ਸਿਰਸਾ ਨੇ ਕਿਹਾ ਕਿ ਵਕੀਲਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਮਿਹਨਤ ਕਾਰਨ ਇਹ ਰਿਹਾਈ ਹੋ ਸਕੀ ਹੈ।
ਕਿਸਾਨਾਂ ਨੇ ਸਰਕਾਰ ਨੂੰ ਪੜ੍ਹਨੇ ਪਾ ਰੱਖਿਆ ਹੈ : ਸਿਰਸਾ
ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿਰਸਾ ਨੇ ਕਿਹਾ ਕਿਸਾਨਾਂ ਨੇ ਸਰਕਾਰ ਨੂੰ ਪੜ੍ਹਨੇ ਪਾ ਰੱਖਿਆ ਹੈ। ਇਹ ਗੱਲ ਗਲਤ ਹੈ ਕਿ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਪੂਰੀ ਦੀ ਪੂਰੀ ਸਰਕਾਰ ਹੀ ਸਰਕੀ ਪਈ ਹੈ। ਸਰਕਾਰ ਦੇ ਗਵਰਨਰ ਤੱਕ ਸਰਕਾਰ ਨੂੰ ਸਾਵਧਾਨ ਕਰ ਰਹੇ ਹਨ ਕਿ ਜੇ ਬਚ ਸਕਦੇ ਹੋ ਤਾਂ ਬਚ ਜਾਓ।
29 ਜਨਵਰੀ ਨੂੰ ਬੀਬੀਆਂ ਦੇ ਕੈਂਪ ‘ਤੇ ਹਮਲਾ ਕੀਤਾ ਸੀ ਭਾਜਪਾ ਦੇ ਕੁੱਝ ਲੋਕ
29 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਜਦੋਂ ਬੀਬੀਆਂ ਦੇ ਕੈਂਪ ‘ਤੇ ਭਾਜਪਾ ਦੇ ਕੁੱਝ ਲੋਕ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਰਣਜੀਤ ਸਿੰਘ ਨੇ ਕਿਰਪਾਨ ਕੱਢੀ ਸੀ। ਉਸ ਸਮੇਂ ਪੁਲਿਸ ਵੱਲੋਂ ਲੋਕਾਂ ਦੀ ਮਦਦ ਨਾਲ ਕਾਬੂ ਕੀਤੇ ਗਏ ਰਣਜੀਤ ਸਿੰਘ ਨੂੰ ਦਿੱਲੀ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ। ਇਸ ਦੌਰਾਨ ਇਕ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਰਣਜੀਤ ਸਿੰਘ ਦੇ ਮੂੰਹ ‘ਤੇ ਪੁਲਿਸ ਕਰਮਚਾਰੀ ਵੱਲੋਂ ਬੂਟ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਰਣਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਸੀ।