‘ਦ ਖਾਲਸ ਬਿਉਰੋ:ਸਾਬਕਾ ਮੰਤਰੀ ਅਤੇ ਕਾਂਗਰਸ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਭਾਜਪਾ ਵਿੱਚ ਸ਼ਾਮਿਲ ਹੋਣ ਸਮੇਂ ਰਾਣਾ ਸੋਢੀ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਮੈਂ ਜੋ ਫੈਸਲਾ ਲਿਆ ਹੈ, ਉਹ ਇਸ ਲਈ ਲਿਆ ਹੈ ਕਿਉਂਕਿ ਪੰਜਾਬ ਦੀ ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ ਅਤੇ ਇਸ ਖ਼ਤਰੇ ਨੂੰ ਰੋਕਣਾ ਮੌਜੂਦਾ ਸਰਕਾਰ ਦੇ ਵੱਸ ਵਿੱਚ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਲੀਡਰਾਂ ਦੀ ਅੱਜ ਹਿੰਦੁਸਤਾਨ ਨੂੰ ਜ਼ਰੂਰਤ ਹੈ।
ਸੋਢੀ ਨੇ ਕਿਹਾ ਕਿ ਪੰਜਾਬ ਨੂੰ ਨਰਿੰਦਰ ਮੋਦੀ, ਭਾਜਪਾ ਸਰਕਾਰ ਬਚਾਵੇਗੀ। ਮੈਂ ਚਾਹੁੰਦਾ ਹਾਂ ਕਿ ਅਮਿਤ ਸ਼ਾਹ ਅਤੇ ਮੋਦੀ ਪੰਜਾਬ ਵੱਲ ਆਪਣੀਆਂ ਨਜ਼ਰਾਂ ਲਗਾਈ ਰੱਖਣ। ਪੰਜਾਬ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੀ ਲੋੜ ਹੈ। ਮੈਂ ਪੰਜਾਬ ਦੀ ਸ਼ਾਂਤੀ ਲਈ ਮਰ ਮਿਟਣ ਤੱਕ ਜਾਵਾਂਗੇ। ਮੈਨੂੰ ਭਾਜਪਾ ਪਾਰਟੀ ਨੇ ਵੀ ਇਹੀ ਭਰੋਸਾ ਦਿੱਤਾ ਹੈ। ਮੇਰਾ ਇੱਕੋ ਹੀ ਮਿਸ਼ਨ ਹੈ “ਹੱਸਦਾ ਪੰਜਾਬ, ਵੱਸਦਾ ਪੰਜਾਬ”। ਤੁਹਾਨੂੰ ਦੱਸ ਦੇਈਏ ਕਿ ਰਾਣਾ ਗੁਰਮੀਤ ਸੋਢੀ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪੰਜਾਬ ਦੇ ਖੇਡ ਮੰਤਰੀ ਸਨ। ਫਿਰੋਜ਼ਪੁਰ ਦੀ ਗੁਰੂਹਰਸਹਾਏ ਸੀਟ ਤੋਂ ਲਗਾਤਾਰ 4 ਵਾਰ ਵਿਧਾਇਕ ਰਹੇ ਹਨ।