The Khalas Tv Blog India ਸੌਦਾ ਸਾਧ ਨੇ ਮੰਗੀ ਪੈਰੋਲ, ਹਾਈਕੋਰਟ ਨੇ ਲਗਾਈ ਤਗੜੀ ਝਾੜ
India

ਸੌਦਾ ਸਾਧ ਨੇ ਮੰਗੀ ਪੈਰੋਲ, ਹਾਈਕੋਰਟ ਨੇ ਲਗਾਈ ਤਗੜੀ ਝਾੜ

ਸੌਦਾ ਸਾਧ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਅਦਾਲਤ ਪਹੁੰਚ ਕਰਕੇ ਪੈਰੋਲ ਮੰਗੀ ਹੈ ਤੇ ਇਸ ਵਾਰ ਡੇਰੇ ਦੇ ਹੀ ਕਿਸੇ ਪ੍ਰੋਗਰਾਮ ਵਿੱਚ ਜਾਣ ਦਾ ਹਵਾਲਾ ਦੇ ਕੇ ਛੁੱਟੀ ਦੀ ਮੰਗ ਕੀਤੀ ਹੈ। ਸੌਦਾ ਸਾਧ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਇਕ ਵਾਰ ਫਿਰ 21 ਦਿਨਾਂ ਦੀ ਪੈਰੋਲ ਮੰਗੀ ਹੈ। ਰਾਮ ਰਹੀਮ ਨੇ ਆਪਣੀ ਫਰਲੋ ਪਟੀਸ਼ਨ ਵਿੱਚ ਕਿਹਾ ਹੈ ਕਿ ਇਸ ਮਹੀਨੇ ਡੇਰਾ ਸੱਚਾ ਸੌਦਾ ਦਾ ਪ੍ਰੋਗਰਾਮ ਹੈ, ਜਿਸ ਵਿੱਚ ਉਸ ਨੂੰ ਸ਼ਾਮਲ ਹੋਣਾ ਹੈ।

ਸੌਦਾ ਸਾਧ ਦੀ ਇਸ ਅਰਜ਼ੀ ਦੇ ਜਵਾਬ ਵਿੱਚ ਹਾਈ ਕੋਰਟ ਨੇ ਉਸ ਨੂੰ ਪ੍ਰੋਗਰਾਮ ਮੁਲਤਵੀ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਹੈ ਕਿ ਪਹਿਲਾਂ ਤੁਸੀਂ ਪ੍ਰੋਗਰਾਮ ਰੱਖ ਲੈਂਦੇ ਹੋ, ਫਿਰ ਅਦਾਲਤ ਆਉਂਦੇ ਹੋ ਅਤੇ ਪਟੀਸ਼ਨਕਰਤਾ ’ਤੇ ਇਸ ’ਚ ਸ਼ਾਮਲ ਹੋਣ ਲਈ ਦਬਾਅ ਪਾਉਂਦੇ ਹੋ। ਕਾਰਜਕਾਰੀ ਚੀਫ਼ ਜਸਟਿਸ ਦੀ ਬੈਂਚ ਹੁਣ ਇਸ ਅਰਜ਼ੀ ’ਤੇ ਜੁਲਾਈ ਵਿੱਚ ਸੁਣਵਾਈ ਕਰੇਗੀ, ਕਿਉਂਕਿ ਇਹ ਮਾਮਲਾ ਉਸੇ ਬੈਂਚ ਵਿੱਚ ਚੱਲ ਰਿਹਾ ਹੈ।

ਇਸ ਦੇ ਨਾਲ ਹੀ ਹਾਈ ਕੋਰਟ ਨੇ ਇਸ ਸਬੰਧੀ ਹਰਿਆਣਾ ਸਰਕਾਰ ਤੋਂ ਵੀ ਜਵਾਬ ਮੰਗਿਆ ਹੈ। ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 2 ਜੁਲਾਈ ਤੈਅ ਕੀਤੀ ਹੈ। ਦੱਸ ਦੇਈਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ ਨੇ ਫਰਲੋ ਦੀ ਮੰਗ ਕੀਤੀ ਸੀ। ਉਦੋਂ ਉਸ ਨੇ ਕਿਹਾ ਸੀ ਕਿ ਮੈਂ 14 ਦਿਨਾਂ ਦੀ ਫਰਲੋ ਦਾ ਹੱਕਦਾਰ ਹਾਂ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਂਞ ਹੁਣ ਤਕ ਰਾਮ ਰਹੀਮ ਨੂੰ 3 ਸਾਲ ਵਿੱਚ 10 ਵਾਰ ਪੈਰੋਲ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ – ਬੰਦੀ ਸਿੰਘਾਂ ਤੇ ਰਾਜੋਆਣਾ ਦੀ ਰਿਹਾਈ ’ਤੇ ਬਿੱਟੂ ਨੇ ਬਦਲਿਆ ਸਟੈਂਡ! “ਮੈਂ ਕਰਾਵਾਂਗਾ ਸਜ਼ਾ ਮੁਆਫ਼!” 

Exit mobile version