The Khalas Tv Blog India ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
India Punjab

ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਮੁਖੀ ਰਾਮ ਰਹੀਮ ਅੱਜ 21 ਦਿਨਾਂ ਦੀ ਪੈਰੋਲ ‘ਤੇ ਸਖ਼ਤ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਹਨ। ਰਾਮ ਰਹੀਮ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜੇਲ੍ਹ ਤੋਂ ਬਾਹਰ ਨਿਕਲੇ।

ਪੈਰੋਲ ਲਈ ਤੈਅ ਕੀਤੇ ਗਏ ਨਿਯਮ

  • ਰਾਮ ਰਹੀਮ ਦੀ ਪੈਰੋਲ ਲਈ ਇਹ ਨਿਯਮ ਤੈਅ ਕੀਤੇ ਗਏ ਹਨ।
  • ਰਾਮ ਰਹੀਮ 21 ਦਿਨਾਂ ਦੀ ਫਰਲੋ ਦੌਰਾਨ ਗੁਰੂਗ੍ਰਾਮ ਨਿੱਜੀ ਫਾਰਮ ਹਾਊਸ ਵਿੱਚ ਰਹਿਣਗੇ।
  • ਰਾਮ ਰਹੀਮ ਪੁਲਿਸ ਸੁਰੱਖਿਆ ਵਿੱਚ ਰਹਿਣਗੇ।
  • ਕੋਈ ਭੀੜ ਇਕੱਠੀ ਨਹੀਂ ਹੋਵੇਗੀ।
  • ਕੋਈ ਸਤਿਸੰਗ ਨਹੀਂ ਕਰਨਗੇ।
  • ਗੁਰੂਗ੍ਰਾਮ ਜੇਕਰ ਛੱਡਣਗੇ ਤਾਂ ਗੁਰੂਗ੍ਰਾਮ ਡੀਐੱਮ ਤੋਂ ਆਗਿਆ ਲੈਣੀ ਹੋਵੇਗੀ।
  • ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਹੋਵੇਗੀ।
  • ਕੋਈ ਭਾਸ਼ਣ ਜਾਂ ਪ੍ਰਵਚਨ ਨਹੀਂ ਕਰਨਗੇ।
  • ਕੋਈ ਸਿਆਸੀ ਗੱਲਬਾਤ ਨਹੀਂ ਕਹਿਣਗੇ।
  • ਇਸ ਤੋਂ ਇਲਾਵਾ ਰੋਹਤਕ ਜੇਲ੍ਹ ਤੋਂ ਡੀਐੱਮ ਦੇ ਰਿਲੀਜ਼ ਆਰਡਰ ਆਉਣ ਤੋਂ ਬਾਅਦ ਛੱਡਿਆ ਜਾਵੇਗਾ।

ਡੇਰਾ ਸੱਚਾ ਸੌਦਾ ਨੇ ਸੰਗਤ ਨੂੰ ਕੀਤੀ ਅਪੀਲ

ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਸੰਗਤ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, “ਅਪੀਲ ਹੈ ਕਿ ਸਾਧ ਸੰਗਤ ਆਪਣੇ ਘਰਾਂ ਵਿੱਚ ਹੀ ਰਹੇ, ਦਰਸ਼ਨਾਂ ਬਾਰੇ ਕੋਈ ਵੀ ਪ੍ਰੋਗਰਾਮ ਹੋਵੇਗਾ ਤਾਂ ਤੁਹਾਨੂੰ ਦੱਸਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਵਿੱਚ ਨਾ ਆਓ ਅਤੇ ਡੇਰਾ ਸੱਚਾ ਸੌਦਾ ਦੇ ਜੋ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ਹਨ, ਉਨ੍ਹਾਂ ‘ਤੇ ਹੀ ਦਿੱਤੀ ਗਈ ਜਾਣਕਾਰੀ ‘ਤੇ ਅਮਲ ਕੀਤਾ ਜਾਵੇ।“

ਛਤਰਪਤੀ ਜਾਣਗੇ ਅਦਾਲਤ

ਡੇਰਾ ਮੁਖੀ ਨੂੰ ਫਰਲੋ ਦਿੱਤੇ ਜਾਣ ‘ਤੇ ਅੰਸ਼ੂਲ ਛਤਰਪਤੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਸਾਲ 2002 ਵਿੱਚ ਹਰਿਆਣਾ ਦੇ ਸਿਰਸਾ ਤੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕ ਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਦੋ ਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਜਿਸ ਮੌਕੇ ਫਰਲੋ ਦਿੱਤੀ ਗਈ ਹੈ, ਉਹ ਵੋਟ ਬੈਂਕ ਅਤੇ ਗੰਦੀ ਰਾਜਨੀਤੀ ਦਾ ਨਤੀਜਾ ਹੈ।

ਉਨ੍ਹਾਂ ਨੇ ਕਿਹਾ ਹੈ, “ਸਰਕਾਰ ਨੇ ਪੰਜਾਬ ਅਤੇ ਯੂਪੀ ਦੀਆਂ ਵੋਟਾਂ ਨੂੰ ਦੇਖਦਿਆਂ ਹੋਇਆ ਜਿਸ ਸਮੇਂ ਇਹ ਫਰਲੋ ਦਿੱਤੀ ਹੈ, ਇਹ ਬੇਸ਼ਰਮੀ ਭਰਿਆ ਫ਼ੈਸਲਾ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਅਸੀਂ ਉਸ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖਟਖਟਾਵਾਂਗੇ, ਕਿਉਂਕਿ ਜਿਸ ਸਮੇਂ ਗੁਰਮੀਤ ਰਾਮ ਰਹੀਮ ਦਾ ਫ਼ੈਸਲਾ ਆਇਆ ਸੀ ਸਾਲ 2017 ਵਿੱਚ ਅਤੇ ਤਿੰਨਾਂ ਸਟੇਟਾਂ ‘ਚ ਖ਼ੂਨ-ਖਰਾਬਾ ਹੋਇਆ, ਕਰੋੜਾਂ ਦੀ ਪ੍ਰੋਪਰਟੀ ਦਾ ਨੁਕਸਾਨ ਹੋਇਆ ਤੇ ਸੂਬਾ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲਾ ਲੈਣਾ ਚਾਹੀਦਾ ਸੀ ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦੀ ਸੀ। ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਲਗਾਈ ਤਾਂ ਇਹੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਰਿਹਾ ਸੀ ਕਿ ਇਨ੍ਹਾਂ ਦੇ ਬਾਹਰ ਆਉਣ ਨਾਲ ਅਮਨ-ਕਾਨੂੰਨ ਭੰਗ ਹੋ ਸਕਦਾ ਹੈ ਤੇ ਉਨ੍ਹਾਂ ਰਿਪੋਰਟਾਂ ਦੇ ਮੱਦੇਨਜ਼ਰ ਵੀ ਸਰਕਾਰ ਨੂੰ ਸ਼ਾਇਦ ਇਹ ਫ਼ੈਸਲਾ ਨਹੀਂ ਲੈਣਾ ਚਾਹੀਦਾ ਸੀ।”

ਪੈਰੋਲ ‘ਤੇ ਵੱਖ-ਵੱਖ ਪ੍ਰਤੀਕਰਮ ਆਏ ਸਾਹਮਣੇ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਰਾਮ ਰਹੀਮ ਨੂੰ ਜੇ ਅੱਜ ਪੈਰੋਲ ਮਿਲੀ ਹੈ ਤਾਂ ਇਸਦਾ ਚੋਣ ਦੇ ਨਾਲ ਕੋਈ ਸਬੰਧ ਨਹੀਂ ਹੈ। ਤਿੰਨ ਸਾਲ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਕੋਈ ਵੀ ਪੈਰੋਲ ਦੇ ਲਈ ਅਪਲਾਈ ਕਰ ਸਕਦਾ ਹੈ। ਫਿਰ ਪ੍ਰਸ਼ਾਸਨ ਇਸ ‘ਤੇ ਫੈਸਲਾ ਕਰਦਾ ਹੈ।

ਬਲਜੀਤ ਸਿੰਘ ਦਾਦੂਵਾਲ ਨੇ ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਸਨੂੰ 21 ਦਿਨਾਂ ਦੀ ਪੈਰੋਲ ਦੇਣ ‘ਤੇ ਨਿਆਂਪਾਲਿਕਾ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਰਾਮ ਰਹੀਮ ਕਤਲਾਂ ਲਈ ਜ਼ਿੰਮੇਵਾਰ ਹੈ, ਡੇਰਾ ਸਿਰਸਾ ਰਾਮ ਰਹੀਮ ਦਾ ਅੱਤਵਾਦ ਦਾ ਅੱਡਾ ਹੈ, ਉੱਥੋਂ ਜੋ ਗੈਰ-ਕਾਨੂੰਨੀ ਤੇ ਦੇਸ਼ ਧ੍ਰੋਹੀ ਕਾਰਵਾਈਆਂ ਹੋਈਆਂ ਹਨ, ਬੇਅਦਬੀਆ ਉਸ ਕਰਕੇ ਹੋਈਆਂ ਹਨ। ਜਿੱਧਰ ਵੀ ਰਾਮ ਰਹੀਮ ਖੜਾ ਹੋਵੇਗਾ,ਇਨਸਾਫ਼ ਪਸੰਦ ਲੋਕ ਉਸ ਪਾਰਟੀ ਦੇ ਖ਼ਿਲਾਫ਼ ਜਾਣਗੇ। ਸਾਡੇ ਸੈਂਕੜੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਹਨ।

ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਜੇਲ੍ਹ ਮੈਨੁਅਲ ਦੇ ਹਿਸਾਬ ਨਾਲ ਹੋਇਆ। ਕੋਈ ਵੀ ਕੰਮ ਕਾਨੂੰਨ ਤੋਂ ਬਾਹਰ ਜਾ ਕੇ ਨਹੀਂ ਹੋਇਆ। ਇਸ ਵਿੱਚ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਦਖ਼ਲ ਨਹੀਂ ਹੈ। ਰਾਮ ਰਹੀਮ ਜੇ ਆਪਣੇ ਲੋਕਾਂ ਵਿੱਚ ਜਾ ਰਹੇ ਹਨ, ਡੇਰਾ ਸਿਰਸਾ ਜਾ ਰਹੇ ਹਨ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ।

ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਰੌਲੇ ਕਾਰਨ ਉਸਨੂੰ ਪੈਰੋਲ ਦਿੱਤੀ ਗਈ ਹੈ। ਪਰ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜਿਹੜੀ ਪਾਰਟੀ ਇਸਦੀ ਮਦਦ ਕਰ ਰਹੀ ਹੈ, ਉਸਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਪਤਾ ਨਹੀਂ ਕਿੰਨੇ ਕੁ ਲੱਖਾਂ ਵੋਟਾਂ ਮਿਲ ਜਾਣਗੀਆਂ ਪਰ ਇਹ ਉਨ੍ਹਾਂ ਦੀ ਗਲਤ ਫਹਿਮੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਮ ਰਹੀਮ ਦੀ ਪੈਰੋਲ ਉੱਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਕੇਂਦਰ ਅਤੇ ਹਰਿਆਣਾ ਸਰਕਾਰ ਆਪਣੀ ਗਲਤੀ ਸੁਧਾਰੇ ਅਤੇ ਸਿੱਖਾਂ ਤੋਂ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਭਾਜਪਾ ਰਾਜਸੀ ਖੇਡ ਖੇਡ ਰਹੀ ਹੈ। ਇਹ ਫੈਸਲਾ ਬਰਦਾਸ਼ਤ ਤੋਂ ਬਾਹਰ ਹੈ।

Exit mobile version