ਬਿਊਰੋ ਰਿਪੋਰਟ : ਸੌਦਾ ਸਾਧ ਨੂੰ 40 ਦਿਨਾਂ ਦੀ ਇੱਕ ਵਾਰ ਮੁੜ ਤੋਂ ਪੈਰੋਲ ਦਿੱਤੀ ਗਈ ਹੈ । ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਨਿਯਮਾਂ ਦੇ ਮੁਤਾਬਿਕ ਹੀ ਪੈਰੋਲ ਦਿੱਤੀ ਗਈ ਹੈ । ਤਿੰਨ ਮਹੀਨੇ ਪਹਿਲਾਂ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ । ਰਾਮ ਰਹੀਮ ਦੀ ਪਿਛਲੀ ਪੈਰੋਲ 25 ਨਵੰਬਰ ਨੂੰ ਖਤਮ ਹੋਏ ਸੀ । ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਰਵਾਨਾ ਆਸ਼ਰਮ ਰਿਹਾ ਸੀ । ਉਸ ਨੂੰ 14 ਅਕਤੂਬਰ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਤਸਦੀਕ ਕੀਤੀ ਸੀ ਕਿ ਰਾਮ ਰਹੀਮ ਵੱਲੋਂ 40 ਦਿਨਾਂ ਦੀ ਪੈਰੋਲ ਮੰਗੀ ਗਈ ਹੈ । sgpc ਨੇ ਸਵਾਲ ਚੁੱਕੇ ਹਨ ਆਖਿਰ ਕਿਵੇਂ ਰਾਮ ਰਹੀਮ ਦੀ ਸਾਲ ਵਿੱਚ 3-3 ਵਾਰ ਪੈਰੋਲ ਮਨਜ਼ੂਰ ਕੀਤੀ ਜਾ ਰਹੀ ਹੈ ਜਦਕਿ 30 ਤੋਂ 35 ਸਾਲਾਂ ਤੱਕ ਬੰਦੀ ਸਿੰਘ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਨਾ ਰਿਹਾ ਕੀਤਾ ਜਾਂਦਾ ਹੈ ਅਤੇ ਨਾ ਹੀ ਪੈਰੋਲ ਦਿੱਤੀ ਜਾ ਰਹੀ ਹੈ।
40 ਦਿਨਾਂ ਦੀ ਪੈਰੋਲ ਦੌਰਾਨ ਰਾਮ ਰਹੀਮ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਦੇ ਜਨਮ ਦਿਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ । 25 ਜਨਵਰੀ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਪਿਛਲੀ ਵਾਰ 14 ਅਕਤੂਬਰ ਨੂੰ ਜਦੋਂ ਰਾਮ ਰਹੀਮ ਪੈਰੋਲ ‘ਤੇ ਬਾਹਰ ਆਇਆ ਸੀ ਤਾਂ ਉਸ ਵੇਲੇ ਹਰਿਆਣਾ ਵਿੱਚ ਪੰਚਾਇਤੀ ਚੌਣਾਂ ਸੀ । ਬੀਜੇਪੀ ਦੇ ਕਈ ਆਗੂ ਆਪਣਾ ਆਨਲਾਈਨ ਅਸ਼ੀਰਵਾਦ ਲੈਣ ਪਹੁੰਚੇ ਸਨ । ਇਸ ਦੌਰਾਨ ਰਾਮ ਰਹੀਮ ਨੇ ਆਪਣੇ ਤਿੰਨ ਗਾਣੇ ਵੀ ਜਾਰੀ ਕੀਤੇ ਸਨ ।
2022 ਦੀਆਂ ਪੰਜਾਬ ਚੋਣਾਂ ਤੋ ਪਹਿਲਾਂ ਵੀ ਰਾਮ ਰਹੀਮ ਨੂੰ 7 ਫਰਵਰੀ ਨੂੰ ਫਰਲੋ ਦਿੱਤੀ ਗਈ ਸੀ । ਉਸ ਵੇਲੇ ਦੱਸਿਆ ਜਾ ਰਿਹਾ ਸੀ ਕਿ ਮਕਸਦ ਵੋਟਾਂ ਹਨ। ਡੇਰੇ ਵੱਲੋਂ ਖੁੱਲ ਕੇ ਬੀਜੇਪੀ ਦੀ ਹਮਾਇਤ ਕੀਤੀ ਗਈ ਸੀ ਪਰ ਉਹ ਕੋਈ ਕੰਮ ਨਹੀਂ ਆਈ ਸੀ । ਬੀਜੇਪੀ ਸਿਰਫ਼ 2 ਹੀ ਸੀਟਾਂ ਜਿੱਤ ਸਕੀ ਸੀ ।
ਲਗਾਤਾਰ ਤੀਜੀ ਵਾਰ ਰਾਮ ਰਹੀਮ ਨੂੰ ਜਿਸ ਤਰ੍ਹਾ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਹੈ ਉਸ ‘ਤੇ sgpc ਨੇ ਵੱਡੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਆਖਿਰ ਕਿਸ ਕਾਨੂੰਨੀ ਅਧਾਰ ਨਾਲ ਹਰਿਆਣਾ ਸਰਕਾਰ ਰਾਮ ਰਹੀਮ ‘ਤੇ ਮਿਹਰਬਾਨੀ ਕਰ ਰਹੀ ਹੈ । ਅਗਲੇ ਸਾਲ ਹਰਿਆਣਾ ਵਿੱਚ ਲੋਕਸਭਾ ਦੇ ਨਾਲ ਵਿਧਾਨਸਭਾ ਚੋਣਾਂ ਵੀ ਹੋਣੀਆਂ ਹਨ । ਹਰਿਆਣਾ ਵਿੱਚ ਡੇਰੇ ਦਾ ਵੱਡਾ ਅਧਾਰ ਹੋਣ ਦੀ ਵਜ੍ਹਾ ਕਰਕੇ ਸਰਕਾਰ ਕਿਧਰੇ ਨਾ ਕਿਧਰੇ ਰਾਮ ਰਹੀਮ ਨੂੰ ਨਰਾਜ਼ ਨਹੀਂ ਕਰਨਾ ਚਾਉਂਦੀ ਹੈ । ਵਿਰੋਧੀ ਧਿਰ ਦਾ ਦਾਅਵਾ ਹੈ ਲੋਕਸਭਾ ਅਤੇ ਵਿਧਾਨਸਭਾ ਚੌਣਾਂ ਦੌਰਾਨ ਵੀ ਹਰਿਆਣਾ ਦੀ ਖੱਟਰ ਸਰਕਾਰ ਰਾਮ ਰਹੀਮ ‘ਤੇ ਮਿਹਰਬਾਨ ਹੋਵੇਗੀ ।
2021 ਵਿੱਚ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ । ਇਸ ਤੋਂ ਇਲਾਵਾ 2019 ਵਿੱਚ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਮਾਮਲੇ ਵਿੱਚ ਵੀ ਅਦਾਲਤ ਨੇ ਸੌਦਾ ਸਾਧ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸ ਤੋਂ ਪਹਿਲਾਂ ਸਾਧਵੀਂ ਸ਼ਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਮਿਲੀ ਸੀ ।