‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅਯੁੱਧਿਆ ਵਿੱਚ ਹਿੰਦੂ ਭਾਈਚਾਰੇ ਵੱਲੋਂ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਿੰਦੂ ਸਮਾਜ ਨੂੰ ਅਯੁੱਧਿਆ ਮੰਦਰ ਬਣਾਉਣ ‘ਤੇ ‘ਮੁਬਾਰਕਵਾਦ’ ਕਿਹਾ ਹੈ। ਨਾਲ ਹੀ ਜਥੇਦਾਰ ਸਾਹਿਬ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ “ਜੋ ਸਥਾਨ ਹਿੰਦੂ ਸਮਾਜ ਲਈ ਅਯੁੱਧਿਆ ਮੰਦਰ ਦਾ ਹੈ, ਸਿੱਖਾਂ ਲਈ ਵੀ ਓਹੀ ਸਥਾਨ ਗੁਰਦੁਆਰਾ ਗਿਆਨ ਗੋਦੜੀ, ਡਾਂਗ ਮਾਰ ਅਤੇ ਮੰਗੂ ਮੱਠ ਦਾ ਹੈ ਅਤੇ ਭਾਰਤ ਸਰਕਾਰ ਸਾਡੇ ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਵੀ ਤਵੱਜੋ ਦੇਵੇ, ਤਾਂ ਜੋ ਗੁਰੂ ਸਾਹਿਬਾਨਾਂ ਦੇ ਇਨ੍ਹਾਂ ਪਾਵਨ ਅਸਥਾਨਾਂ ਦੀ ਪੂਰੀ ਦੁਨੀਆ ਦਾ ਸਿੱਖ ਭਾਈਚਾਰਾ ਸੇਵਾ-ਸੰਭਾਲ ਕਰ ਸਕੇ”।
ਜਥੇਦਾਰ ਸਾਹਿਬ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਧੀਨ 50-50 ਜਾਂ 100-100 ਦੀ ਗਿਣਤੀ ‘ਚ ਜਥੇ ਨੂੰ ਕਰਤਾਰੁਪਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।