The Khalas Tv Blog India ਜੇ ਕਿਸਾਨਾਂ ਨੂੰ ਜ਼ਬਰਦਸਤੀ ਸਰਹੱਦਾਂ ਤੋਂ ਹਟਾਇਆ ਤਾਂ ਸਰਕਾਰੀ ਦਫ਼ਤਰ ਬਣਨਗੇ “ਗੱਲਾ ਮੰਡੀ”
India Punjab

ਜੇ ਕਿਸਾਨਾਂ ਨੂੰ ਜ਼ਬਰਦਸਤੀ ਸਰਹੱਦਾਂ ਤੋਂ ਹਟਾਇਆ ਤਾਂ ਸਰਕਾਰੀ ਦਫ਼ਤਰ ਬਣਨਗੇ “ਗੱਲਾ ਮੰਡੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਦਿੱਲੀ ਪੁਲਿਸ ਵੱਲੋਂ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾ ਦਿੱਤੇ ਗਏ ਸਨ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਤਾਂ ਸਿੱਧ ਹੋ ਗਿਐ ਕਿ ਜੋ ਕਿਸਾਨ ਹਰ ਵਾਰੀ ਕਹਿੰਦੇ ਨੇ ਕਿ ਰਾਹ ਅਸੀਂ ਨਹੀਂ ਹਕੂਮਤ ਦੀ ਪੁਲਿਸ ਨੇ ਰੋਕੇ ਹਨ, ਉਹ ਬਿਲਕੁਲ ਸੱਚ ਹੈ। ਦਿੱਲੀ ਪੁਲਿਸ ਰੋਕਾਂ ਹਟਾ ਰਹੀ ਹੈ ਯਾਨਿ ਕਿ ਰੋਕਾਂ ਦਿੱਲੀ ਪੁਲਿਸ ਨੇ ਹੀ ਲਾਈਆਂ ਸੀ। ਪਰ ਹੁਣ ਇੱਕ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਜੇਸੀਬੀ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ ‘ਤੇ ਲੱਗੇ ਟੈਂਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਜੇਸੀਬੀ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ ’ਤੇ ਲੱਗੇ ਟੈਂਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਥਾਣਿਆਂ ਅਤੇ ਡੀਐਮ ਦਫ਼ਤਰ ਵਿੱਚ ਟੈਂਟ ਲਗਾ ਦੇਣਗੇ। ਟਿਕੈਤ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਜ਼ਬਰਦਸਤੀ ਸਰਹੱਦਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਦੇਸ਼ ਭਰ ਦੇ ਸਰਕਾਰੀ ਦਫਤਰਾਂ ਨੂੰ ਗੱਲਾ ਮੰਡੀ ‘ਚ ਬਦਲ ਦੇਣਗੇ। ਗਾਜ਼ੀਪੁਰ ਬਾਰਡਰ ‘ਤੇ ਰਾਕੇਸ਼ ਟਿਕੈਤ ਨੇ ਪ੍ਰਸ਼ਾਸਨ ਨੂੰ ਖੁੱਲ੍ਹ ਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟੈਂਟ ਹਟਾਏ ਗਏ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ। ਪ੍ਰਦਰਸ਼ਨਕਾਰੀ ਸਾਰੇ ਥਾਣਿਆਂ ‘ਚ ਆਪਣੇ ਟੈਂਟ ਲਗਾ ਦੇਣਗੇ। ਰਾਕੇਸ਼ ਟਿਕੈਤ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੁਲਿਸ ਪ੍ਰਸ਼ਾਸਨ ਨੇ ਗਾਜ਼ੀਪੁਰ ਬਾਰਡਰ ‘ਤੇ ਸੜਕਾਂ ਨੂੰ ਖੋਲ੍ਹ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ 29 ਅਕਤੂਬਰ ਨੂੰ ਦੇਰ ਰਾਤ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਟਿੱਕਰੀ ਸਰਹੱਦ ਤੋਂ ਇੱਕ ਮਾਰਗੀ ਸੜਕ ਨੂੰ ਖੋਲ੍ਹਣ ਲਈ ਚੱਲ ਰਹੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਦੌਰਾਨ ਕੁਝ ਕਿਸਾਨਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਜਿਵੇਂ ਹੀ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਦੀ ਆਖਰੀ ਪਰਤ ਹਟਾਈ ਤਾਂ ਕਿਸਾਨਾਂ ਨੇ ਪ੍ਰਦਰਸ਼ਨ ਕਰ ਦਿੱਤਾ। ਉਹ ਜੇਸੀਬੀ ਅੱਗੇ ਲੇਟ ਗਏ ਅਤੇ ਦੋ ਥਾਵਾਂ ਤੋਂ ਲੋਹੇ ਦੇ ਬੈਰੀਕੇਡ ਲਗਾ ਕੇ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਹੁਣ ਸਰਹੱਦ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਕੁਝ ਵੀ ਹੋ ਜਾਵੇ। ਅੰਦੋਲਨਕਾਰੀਆਂ ਨੇ ਕਿਹਾ ਕਿ ਹੁਣ ਤੱਕ ਉਹ ਪੰਜ ਫੁੱਟ ਦਾ ਰਸਤਾ ਦੇਣ ਲਈ ਤਿਆਰ ਸੀ ਪਰ ਹੁਣ ਉਹ ਵੀ ਨਹੀਂ ਦੇਣਗੇ।

ਦਰਅਸਲ, ਬੀਤੇ ਦਿਨੀ ਦਿੱਲੀ ਅਤੇ ਹਰਿਆਣਾ ਪੁਲਿਸ-ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਅੰਦੋਲਨਕਾਰੀਆਂ ਨੇ ਟਿੱਕਰੀ ਬਾਰਡਰ ਨੂੰ ਇੱਕ ਪਾਸੇ ਤੋਂ ਖੋਲ੍ਹਣ ਲਈ ਸਿਰਫ਼ ਪੰਜ ਫੁੱਟ ਦਾ ਰਸਤਾ ਦੇਣ ਦੀ ਸ਼ਰਤ ਰੱਖੀ ਸੀ। ਅਜਿਹੇ ‘ਚ ਇਹ ਬੈਠਕ ਬੇਸਿੱਟਾ ਰਹੀ ਅਤੇ ਸ਼ਨੀਵਾਰ ਨੂੰ ਫਿਰ ਤੋਂ ਗੱਲਬਾਤ ਹੋਣੀ ਸੀ ਪਰ ਜਿਵੇਂ ਹੀ ਦਿੱਲੀ ਪੁਲਿਸ ਨੇ ਰਾਤ ਨੂੰ ਰਸਤਾ ਖੋਲ੍ਹਿਆ ਤਾਂ ਅੰਦੋਲਨਕਾਰੀਆਂ ਨੇ ਹੰਗਾਮਾ ਕਰ ਦਿੱਤਾ। ਅੰਦੋਲਨਕਾਰੀ ਬੈਰੀਕੇਡ ਹਟਾਉਣ ਲਈ ਆਈ ਜੇਸੀਬੀ ਅੱਗੇ ਲੇਟ ਗਏ। ਬਾਅਦ ‘ਚ ਦੋ ਥਾਵਾਂ ‘ਤੇ ਬੈਰੀਕੇਡ ਲਗਾ ਦਿੱਤੇ ਗਏ। ਅੰਦੋਲਨਕਾਰੀਆਂ ਨੇ ਹੁਣ ਦਿੱਲੀ ਪੁਲਿਸ ‘ਤੇ ਵਾਅਦੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਹੱਦ ਨੂੰ ਖੋਲ੍ਹਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਹੰਗਾਮੇ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਤੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

Exit mobile version