‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਜਦੋਂ ਕੋਰੋਨਾ ਦੀ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਝੰਭਿਆ ਹੋਇਆ ਸੀ ਤੇ ਸਾਰੇ ਲੋਕ ਘਰਾਂ ‘ਚ ਕੈਦ ਹੋ ਕੇ ਬੈਠੇ ਸੀ, ਉਸ ਵੇਲੇ ਸਿੱਖ ਭਾਈਚਾਰਾ ਹੀ ਸੀ ਜੋ ਲੱਖਾਂ ਲੋਕਾਂ ਦੇ ਮੂੰਹ ਤੱਕ ਰੋਟੀ ਪੁੱਜਦੀ ਕਰ ਰਿਹਾ ਸੀ। ਉਦੋਂ ਸੇਵਾ ਕਰਦੇ ਇਸੇ ਭਾਈਚਾਰੇ ਦੇ ਅੱਗੇ ਦਿੱਲੀ ਪੁਲਿਸ ਪਰੇਡ ਕਰਦੀ ਨਹੀਂ ਥੱਕਦੀ ਸੀ ਤੇ ਅੱਜ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਹੈ। ਇਹ ਕਿਹਾ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ। ਕਿਸਾਨ ਲੀਡਰ ਟਿਕੈਤ ਰਾਜਸਥਾਨ ਦੇ ਨੋਹਰ ਕਸਬੇ ਵਿੱਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਪੁੱਛਦੇ ਹਨ ਕਿ ਖੇਤੀ ਕਾਨੂੰਨਾਂ ਦਾ ਇਹ ਹੱਲ ਕਿਵੇਂ ਨਿੱਕਲੇਗਾ। ਉਨ੍ਹਾਂ ਕਿਹਾ ਕਿ ਅਸੀਂ ਬੰਜਰ ਧਰਤੀ ਵਿੱਚ ਵੀ ਬੀਜ ਬੀਜਕੇ ਫਸਲ ਕੱਢ ਲੈਂਦੇ ਹਾਂ, ਹੱਲ ਵੀ ਕੱਢ ਲਵਾਂਗੇ।
ਟਿਕੈਤ ਨੇ ਕਿਹਾ ਕਿ ਇੱਕ ਪਾਸੇ ਐੱਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਸਾਡੇ ਹੀ ਲੰਗਰਾਂ ‘ਚੋਂ ਰੋਟੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਇਸ ਅੰਦੋਲਨ ਵਿੱਚ ਕੁੱਦਣਾ ਪਵੇਗਾ। ਖੇਤੀਬਾੜੀ ਲਈ ਲੜੀ ਜਾ ਰਹੀ ਇਹ ਲੜਾਈ ਬਹੁਤ ਲੰਬੀ ਚੱਲੇਗੀ ਤੇ ਆਪਣੀ ਹੀ ਜ਼ਮੀਨ ‘ਚੋਂ ਸਾਨੂੰ ਰੁਜ਼ਗਾਰ ਦੀ ਭਾਲ ਕਰਨੀ ਪਵੇਗੀ।