The Khalas Tv Blog India ਮੋਰਚੇ ‘ਚ ਬੈਠੇ ਹਰ ਕਿਸਾਨ ਨੂੰ ਅਸੀਂ ਕਾੜ੍ਹਾ ਪਿਆਉਂਦੇ ਹਾਂ – ਰਾਜੇਵਾਲ
India Punjab

ਮੋਰਚੇ ‘ਚ ਬੈਠੇ ਹਰ ਕਿਸਾਨ ਨੂੰ ਅਸੀਂ ਕਾੜ੍ਹਾ ਪਿਆਉਂਦੇ ਹਾਂ – ਰਾਜੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਕਿਸਾਨੀ ਅੰਦੋਲਨ ਦੌਰਾਨ ਪਿਛਲੇ ਦਿਨੀਂ ਦੋ ਕਿਸਾਨਾਂ ਦੀ ਹੋਈ ਮੌਤ ਨੂੰ ਕਰੋਨਾ ਨਾਲ ਜੋੜਨ ਵਾਲੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ‘ਸਰਕਾਰ ਨੇ ਇੱਕ ਕਿਸਾਨ ਦਾ ਪੋਸਟ ਮਾਰਟਮ ਕਰਕੇ ਉਸਦੀ ਰਿਪੋਰਟ ‘ਚ ਕਰੋਨਾ ਪਾਜ਼ੀਟਿਵ ਲਿਖ ਦਿੱਤਾ ਸੀ ਅਤੇ ਦੂਸਰੇ ਕਿਸਾਨ ਦੀ ਰਿਪੋਰਟ ਵਿੱਚ ਵੀ ਉਨ੍ਹਾਂ ਵੱਲੋਂ ਕਰੋਨਾ ਪਾਜ਼ੀਟਿਵ ਲਿਖਣ ਦੀ ਤਿਆਰੀ ਸੀ ਪਰ ਸਾਡੇ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਰਿਪੋਰਟ ਵਿੱਚ ਕੋਵਿਡ ਪਾਜ਼ੀਟਿਵ ਨਹੀਂ ਲਿਖਿਆ’। ਰਾਜੇਵਾਲ ਨੇ ਕਿਹਾ ਕਿ ‘ਵਿਸ਼ਵ ਸਿਹਤ ਸੰਸਥਾ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਵਿਡ ਕੇਸ ਵਿੱਚ ਲਾਸ਼ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਨੇ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ’।

ਰਾਜੇਵਾਲ ਨੇ ਕਿਸਾਨ ਧਰਨੇ ਵਿੱਚ ਕੋਵਿਡ ਬਚਾਅ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਅਸੀਂ ਕਿਸਾਨ ਧਰਨਿਆਂ ਵਿੱਚ ਜਿੰਨਾ ਵਧੀਆ ਕੋਵਿਡ ਤੋਂ ਬਚਾਅ ਲਈ ਪ੍ਰਬੰਧ ਕੀਤਾ ਹੈ, ਉਸ ਤਰ੍ਹਾਂ ਸਰਕਾਰ ਪੂਰੇ ਦੇਸ਼ ਵਿੱਚ ਪ੍ਰਬੰਧ ਨਹੀਂ ਕਰ ਸਕੀ। ਅਸੀਂ ਅੰਦੋਲਨ ਵਿੱਚ ਸਾਰੇ ਲੋਕਾਂ ਨੂੰ ਲੱਖਾਂ ਰੁਪਏ ਦਾ ਕਾੜ੍ਹਾ ਧੱਕੇ ਨਾਲ ਦਿੰਦੇ ਹਾਂ ਅਤੇ ਲੱਖਾਂ ਰੁਪਏ ਦੀਆਂ ਦਵਾਈਆਂ ਜਿਵੇਂ ਕਿ ਵਿਟਾਮਿਨ ਏ, ਸੀ ਅਤੇ ਡੀ ਰੋਜ਼ਾਨਾ ਲੋਕਾਂ ਨੂੰ ਦਿੰਦੇ ਹਾਂ। ਉੱਥੇ ਸਾਰਿਆਂ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਧਰਨੇ ਵਿੱਚ ਹਰ ਲੰਗਰ ਵਿੱਚ ਕਾੜ੍ਹਾ ਤਿਆਰ ਕਰਕੇ ਕਿਸਾਨਾਂ ਨੂੰ ਆਵਾਜ਼ ਮਾਰ ਕੇ ਉਨ੍ਹਾਂ ਨੂੰ ਪਿਲਾਇਆ ਜਾਂਦਾ ਹੈ’।

ਰਾਜੇਵਾਲ ਨੇ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਕਿ ‘ਕੀ ਸਰਕਾਰ ਨੇ ਲੋਕਾਂ ਲਈ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਕੀਤਾ ਹੈ। ਸਾਡੇ ਪ੍ਰਬੰਧ ਸਰਕਾਰ ਨਾਲੋਂ ਹਜ਼ਾਰਾਂ ਗੁਣਾ ਬਿਹਤਰ ਹਨ। ਸਾਡੇ ਸੱਜਣ-ਮਿੱਤਰ ਸਾਨੂੰ ਕੋਵਿਡ ਤੋਂ ਬਚਾਅ ਲਈ ਦਵਾਈਆਂ ਭੇਜ ਰਹੇ ਹਨ। ਸਾਡੇ ਕੋਲ ਹਾਲੇ ਪਹਿਲਾ ਸਟਾਕ ਵੀ ਖਤਮ ਨਹੀਂ ਹੋਇਆ ਸੀ ਕਿ ਕੱਲ੍ਹ ਦਵਾਈਆਂ ਦਾ ਹੋਰ ਸਟਾਕ ਵੀ ਕਿਸਾਨ ਮੋਰਚਿਆਂ ‘ਤੇ ਪਹੁੰਚ ਗਿਆ ਹੈ। ਸਰਕਾਰ ਕੋਲੋਂ ਤਾਂ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾ ਰਹੀ ਲੁੱਟ ਹੀ ਨਹੀਂ ਰੋਕੀ ਜਾ ਰਹੀ’।

ਰਾਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘20-25 ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਕਰੋਨਾ ਸਥਿਤੀ ‘ਤੇ ਇੱਕ ਮੀਟਿੰਗ ਬੁਲਾਈ ਸੀ ਅਤੇ ਕਿਹਾ ਸੀ ਕਿ ਉਹ ਵੈਕਸੀਨੇਸ਼ਨ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀਆਂ ਟੀਮਾਂ ਭੇਜੋ ਪਰ ਅੱਜ ਤੱਕ ਕੋਈ ਵੀ ਡਾਕਟਰ ਕਿਸਾਨ ਧਰਨਿਆਂ ‘ਤੇ ਨਹੀਂ ਪਹੁੰਚਿਆ। ਇਨ੍ਹਾਂ ਕੋਲ ਟੀਕੇ ਤਾਂ ਹਨ ਪਰ ਟੀਕਾਕਰਣ ਨਹੀਂ’।

ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਹੈ ਕਿ ‘ਅਸੀਂ ਤੈਅ ਕੀਤਾ ਹੈ ਕਿ ਸਰਕਾਰ ਦੀਆਂ ਜਿੰਨੀਆਂ ਵੀ ਡਿਸਪੈਂਸਰੀਆਂ ਹਨ, ਜਿਨ੍ਹਾਂ ‘ਤੇ ਘਾਹ ਉੱਗਿਆ ਹੋਇਆ ਹੈ, ਉਨ੍ਹਾਂ ਦੀਆਂ ਵੀਡੀਓ ਬਣਾ ਕੇ ਇਨ੍ਹਾਂ ਨੂੰ ਭੇਜਾਂਗੇ। ਰਾਜੇਵਾਲ ਨੇ ਕਿਹਾ ਕਿ ਪਹਿਲਾਂ ਖਾਸ ਤੌਰ ‘ਤੇ ਪੰਜਾਬ ਅਤੇ ਹਰਿਆਣਾ ਦੀਆਂ ਡਿਸਪੈਂਸਰੀਆਂ ਦੀ ਵੀਡੀਓ ਰਿਲੀਜ਼ ਕਰਾਂਗੇ’।

Exit mobile version