The Khalas Tv Blog International ਮੁਕਤਸਰ ਦੀ ਰਾਜਬੀਰ ਕੌਰ ਬਰਾੜ ਬਣੀ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਮਹਿਲਾ ਪੁਲਿਸ ਕਾਂਸਟੇਬਲ
International Punjab Religion

ਮੁਕਤਸਰ ਦੀ ਰਾਜਬੀਰ ਕੌਰ ਬਰਾੜ ਬਣੀ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਮਹਿਲਾ ਪੁਲਿਸ ਕਾਂਸਟੇਬਲ

ਬਿਊਰੋ ਰਿਪੋਰਟ (13 ਅਕਤੂਬਰ, 2025): ਮੁਕਤਸਰ ਦੇ ਥੰਦੇਵਾਲਾ ਪਿੰਡ ਦੀ ਰਹਿਣ ਵਾਲੀ ਰਾਜਬੀਰ ਕੌਰ ਬਰਾੜ (35) ਨੇ ਇਤਿਹਾਸ ਰਚ ਦਿੱਤਾ ਹੈ। ਉਹ ਕੈਨੇਡਾ ਦੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਵਿਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰਧਾਰੀ ਮਹਿਲਾ ਕਾਂਸਟੇਬਲ ਬਣ ਗਈ ਹੈ।

ਰਾਜਬੀਰ ਕੌਰ ਨੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਚੰਡੀਗੜ੍ਹ ਤੋਂ MSc (IT) ਕੀਤੀ ਹੈ। ਵਿਆਹ ਤੋਂ ਬਾਅਦ ਉਹ 2016 ਵਿੱਚ ਕੈਨੇਡਾ ਚਲੀ ਗਈ। ਸ਼ੁਰੂ ਵਿੱਚ ਉਸਨੇ ਵਾਲਮਾਰਟ ’ਚ ਨੌਕਰੀ ਕੀਤੀ ਅਤੇ ਕੁਝ ਸਮੇਂ ਲਈ ਕੈਨੇਡੀਅਨ ਰਿਜ਼ਰਵ ਆਰਮੀ ਵਿੱਚ ਸੇਵਾ ਵੀ ਨਿਭਾਈ। ਉਸਦੀ ਮਿਹਨਤ ਅਤੇ ਦ੍ਰਿੜਤਾ ਦਾ ਨਤੀਜਾ ਪਿਛਲੇ ਸਾਲ ਆਇਆ, ਜਦ ਉਹ RCMP ’ਚ ਚੁਣੀ ਗਈ। ਸਿਖਲਾਈ ਪੂਰੀ ਕਰਨ ਤੋਂ ਬਾਅਦ ਹੁਣ ਮਾਈਲਸਟੋਨ, ਸਸਕੈਚਵਨ ’ਚ ਉਸਦੀ ਤਾਇਨਾਤੀ ਹੋਈ ਹੈ।

ਉਸਦੇ ਪਤੀ ਸਤਵੀਰ ਸਿੰਘ, ਜੋ ਮਚਾਕੀ ਮਾਲ ਸਿੰਘ ਪਿੰਡ (ਜ਼ਿਲ੍ਹਾ ਫ਼ਰੀਦਕੋਟ) ਦੇ ਰਹਿਣ ਵਾਲੇ ਹਨ, ਕੈਨੇਡਾ ਵਿੱਚ ਟਰੱਕ ਡਰਾਈਵਰ ਹਨ। ਰਾਜਬੀਰ ਦੇ ਭਰਾ ਬੀਅੰਤ ਸਿੰਘ ਖਾਲਸਾ, ਜੋ ਡੈਅਰੀ ਫਾਰਮਿੰਗ ਕਰਦੇ ਹਨ, ਨੇ ਦੱਸਿਆ, “ਜਦੋਂ RCMP ਅਧਿਕਾਰੀਆਂ ਨੇ ਉਸਨੂੰ ਯੂਨੀਫਾਰਮ ਸੌਂਪੀ, ਉਨ੍ਹਾਂ ਕਿਹਾ ਕਿ ਉਹ ਫੋਰਸ ਵਿੱਚ ਪਹਿਲੀ ਦਸਤਾਰਧਾਰੀ ਮਹਿਲਾ ਹੈ। ਬਾਅਦ ਵਿੱਚ ਅਸੀਂ ਆਨਲਾਈਨ ਖੋਜ ਕਰਕੇ ਇਸਦੀ ਪੁਸ਼ਟੀ ਕੀਤੀ। ਉਸਨੇ ਵਿਦੇਸ਼ ਵਿੱਚ ਰਹਿੰਦਿਆਂ ਵੀ ਸਿੱਖ ਧਰਮ ਦੀ ਮਰਿਆਦਾ ਬਰਕਰਾਰ ਰੱਖੀ ਹੈ।”

ਗੌਰ ਕਰਨਯੋਗ ਹੈ ਕਿ 1991 ਵਿੱਚ ਬਲਤੇਜ ਸਿੰਘ ਢਿੱਲੋਂ RCMP ਵਿੱਚ ਦਸਤਾਰ ਪਹਿਨਣ ਵਾਲੇ ਪਹਿਲੇ ਅਫ਼ਸਰ ਬਣੇ ਸਨ। ਅੱਜ ਬਲਤੇਜ ਸਿੰਘ ਕੈਨੇਡਾ ਦੇ ਸੈਨੇਟਰ ਹਨ ਅਤੇ ਦਸਤਾਰਧਾਰੀ ਪੁਲਿਸ ਅਫਸਰਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।

Exit mobile version