ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟੀਕਰਨ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਵਰਗੀ ਬੂਟਾ ਸਿੰਘ ਉਨ੍ਹਾਂ ਲਈ ਪਿਤਾ ਵਾਂਗ ਸਨ ਅਤੇ ਉਹ ਕਦੇ ਵੀ ਉਨ੍ਹਾਂ ਦਾ ਜਾਂ ਕਿਸੇ ਹੋਰ ਦਾ ਨਿਰਾਦਰ ਨਹੀਂ ਕਰ ਸਕਦੇ ਸਨ। ਤਰਨਤਾਰਨ ਉਪ-ਚੋਣ ਮੁਹਿੰਮ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਆਪਣੇ ਆਪ ਨੋਟਿਸ ਲੈਣ ਦੀਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵੜਿੰਗ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਸਪੱਸ਼ਟ ਕਰਦੇ ਹਨ ਅਤੇ ਦੁਹਰਾਉਂਦੇ ਹਨ ਕਿ ਉਨ੍ਹਾਂ ਦਾ ਸਵਰਗੀ ਬੂਟਾ ਸਿੰਘ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਤੇ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ।
ਵੀਡੀਓ ਜਾਰੀ ਕਰ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਮੈਂ ਤਰਨਤਾਰਨ ਵਿਚ ਜਨਤਾ ਨੂੰ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਕਾਂਗਰਸ ਨੇ ਪੱਗ ਵਾਲਿਆਂ ਸਨਮਾਨ ਕੀਤਾ, ਚਾਹੇ ਉਹ ਮਨਮੋਹਨ ਸਿੰਘ ਜੀ ਸਨ, ਚਾਹੇ ਉਹ ਗਿਆਨੀ ਜੈਲ ਸਿੰਘ ਜੀ ਸਨ ਤੇ ਚਾਹੇ ਉਹ ਬੂਟਾ ਸਿੰਘ ਜੀ ਸਨ ਤੇ ਚਾਹੇ ਫੌਜਾਂ ਦੇ ਜਨਰਲ ਬਣਾਉਣ ਦੀ ਗੱਲ ਕਰੀਏ ਇਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ। ਮੈਂ ਕਿਹਾ ਗਿਆਨੀ ਜੈਲ ਸਿੰਘ ਗੁਰਦੁਆਰੇ ਵਿਚ ਪਾਠ ਕਰਦੇ ਸਨ ਤੇ ਸਾਈਕਲ ਉੱਤੇ ਜਾਂਦੇ ਸਨ। ਉਨ੍ਹਾਂ ਨੂੰ ਕਾਂਗਰਸ ਨੇ ਦੇਸ਼ ਦਾ ਰਾਸ਼ਟਰਪਤੀ ਬਣਾਇਆ। ਮੈਂ ਕਿਹਾ ਕਿ ਬੂਟਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ। ਮੈਂ ਕਿਸੇ ਦੇ ਰੰਗ ਭੇਦ ਬਾਰੇ ਗੱਲ ਨਹੀਂ ਕੀਤੀ ਬਲਕਿ ਇਹ ਕਿਹਾ ਕਿ ਕਾਂਗਰਸ ਹਰ ਇਨਸਾਨ ਨੂੰ ਨਾਲ ਲੈ ਕੇ ਚੱਲੀ। ਮੈਂ ਇਸ ਦੌਰਾਨ ਗੁਰੂ ਸਾਹਿਬ ਦੀਆਂ ਪੰਗਤੀਆਂ ਵੀ ਬੋਲੀਆਂ, ‘ਰੰਗਰੇਟੇ ਗੁਰੂ ਕੇ ਬੇਟੇ’।
ਇਸ ਦੌਰਾਨ ਵੜਿੰਗ ਨੇ ਕਿਹਾ ਕਿ ਕਿਸੇ ਨੇ ਇਸ ਦੌਰਾਨ ਕੱਟ ਕੇ ਇੰਨਾ ਹੀ ਦੱਸਿਆ ਕਿ ਰਾਜਾ ਵੜਿੰਗ ਨੇ ਬੂਟਾ ਸਿੰਘ ਜੀ ਨੂੰ ਇਹ ਸ਼ਬਦ ਬੋਲੇ ਹਨ। ਬੂਟਾ ਸਿੰਘ ਮੇਰੇ ਪਿਤਾ ਸਮਾਨ ਹਨ ਤੇ ਰਹਿਣਗੇ। ਉਹ ਸਾਡੇ ਸਿਰਾਂ ਦਾ ਤਾਜ ਹਨ। ਇਹ ਜੋ ਮਾਰਸ਼ਲ ਕੌਮ ਸਾਡੇ ਮਜ਼੍ਹਬੀ ਸਿੱਖ ਹੈ, ਇਨ੍ਹਾਂ ਨੇ ਸਿਧਾਂਤਾਂ ਲਈ ਹਮੇਸ਼ਾ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ। ਮੈਂ ਉਨ੍ਹਾਂ ਖਿਲਾਫ ਅਜਿਹਾ ਕਿਵੇਂ ਬੋਲ ਸਕਦਾ ਹਾਂ। ਕੁਝ ਮੇਰੇ ਸ਼ੁਭਚਿੰਤਕ ਹਨ ਜੋ ਫੈਲਾਉਣਾ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਬਾਰੇ ਅਜਿਹੇ ਸ਼ਬਦ ਬੋਲਦਾ ਹਾਂ। ਮੈਂ ਫਿਰ ਕਹਿੰਦਾ ਹਾਂ ਕਿ ਉਹ ਸਾਡੇ ਸਿਰ ਦੇ ਤਾਜ ਸਨ, ਹਨ ਤੇ ਰਹਿਣਗੇ। ਮੈਂ ਉਨ੍ਹਾਂ ਬਾਰੇ ਅਜਿਹਾ ਕੁਝ ਵੀ ਨਹੀਂ ਕਿਹਾ ਹੈ। ਇਹ ਅਨਾਬ-ਸ਼ਨਾਬ ਮੇਰੇ ਕੁਝ ਸ਼ੁਭਚਿੰਤਕਾਂ ਨੂੰ ਲੱਗਦਾ ਹੈ।


