ਰਾਏਸਰ : ਹੜ੍ਹਾਂ ਕਾਰਨ ਪਾਣੀ ਦੀ ਮਾਰ ਨੇ ਅੱਧੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਸ ਕਹਿਰ ਕਾਰਨ ਲੋਕਾਂ ਦਾ ਵੱਡੇ ਪੱਧਰ ਉੱਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਕਿਸਾਨਾਂ ਵੱਲੋਂ ਘਰ ਦੀ ਕਬੀਲਦਾਰੀ ਨੂੰ ਚਲਾਉਣ ਲਈ ਲਾਇਆ ਝੋਨਾ ਵੀ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਹੈ। ਇਸ ਦੁਖਦਾਇਕ ਕੜੀ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਨੌਜਵਾਨ ਕਿਸਾਨਾਂ ਨੂੰ ਅਨੋਖੀ ਪਹਿਲ ਕੀਤੀ ਹੈ। ਪਿੰਡ ਦੇ ਨੌਜਵਾਨ ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ।
ਇਸ ਪਿੰਡ ਦੀ ਇੱਕ ਤਸਵੀਰ ਹੋਰ ਵੀ ਹੈ, ਜਿੱਥੇ ਇੱਕ ਪਾਸੇ ਅੱਧਾ ਪੰਜਾਬ ਪਾਣੀ ਮਾਰ ਝੱਲ ਰਿਹਾ ਹੈ, ਉੱਥੇ ਹੀ ਪਿੰਡ ਨੂੰ ਲੱਗਣ ਵਾਲਾ ਸੂਆ ਖਾਲੀ ਪਿਆ ਹੈ। ਇੱਥੇ ਜ਼ਮੀਨੀ ਪਾਣੀ ਬਹੁਤ ਡੂੰਗੇ ਹੋ ਰਹੇ ਹਨ ਅਤੇ ਪਾਣੀ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦੇਈਏ ਕਿ ਰਾਏਸਰ, ਮਸ਼ਹੂਰ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਜੱਦੀ ਪਿੰਡ ਹੈ। ਜਿਨ੍ਹਾਂ ਨੂੰ ਦੁਨੀਆ ਵਿੱਚ ਕਿਰਤੀ ਕਾਮਿਆਂ ਦੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ।