The Khalas Tv Blog Punjab ਪੰਜਾਬ ਵਿੱਚ ਮੀਂਹ ਦਾ ਕਹਿਰ, ਰਾਵੀ ਅਤੇ ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ
Punjab

ਪੰਜਾਬ ਵਿੱਚ ਮੀਂਹ ਦਾ ਕਹਿਰ, ਰਾਵੀ ਅਤੇ ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ

ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਭਾਰੀ ਬਾਰਿਸ਼ ਨੇ ਵਿਆਪਕ ਤਬਾਹੀ ਮਚਾਈ ਹੈ। ਨਦੀਆਂ ਅਤੇ ਦਰਿਆ ਉਛਾਲ ‘ਤੇ ਹਨ, ਕਈ ਪੁਲ ਅਤੇ ਸੜਕਾਂ ਬੰਦ ਹੋ ਗਈਆਂ ਹਨ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿੱਚ ਪੋਂਗ ਡੈਮ ਅਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਛੱਡੇ ਗਏ ਪਾਣੀ ਨੇ ਵੱਡਾ ਨੁਕਸਾਨ ਕੀਤਾ।

ਬਿਆਸ ਅਤੇ ਸਤਲੁਜ ਦਰਿਆਵਾਂ ਦੇ ਰਾਹੀਂ ਹਰੀਕੇ ਹੈੱਡ ਵਰਕਸ ਵਿੱਚ ਪਹੁੰਚ ਰਹੇ ਪਾਣੀ ਨੇ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਫਸਲਾਂ ਬਰਬਾਦ ਕਰ ਦਿੱਤੀਆਂ। ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿੱਚ 1 ਲੱਖ 72 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਹੈ, ਜਿਸ ਵਿੱਚੋਂ 1 ਲੱਖ 54 ਹਜ਼ਾਰ ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਹੈ।

ਇਸ ਨੇ ਹਰੀਕੇ ਹਥਾੜ ਖੇਤਰ ਵਿੱਚ ਭਾਰੀ ਤਬਾਹੀ ਮਚਾਈ, ਜਿੱਥੇ ਧੁੱਸੀ ਬੰਨ੍ਹ ਨੂੰ ਵੀ ਨੁਕਸਾਨ ਪਹੁੰਚਿਆ। ਪਿੰਡ ਸਭਰਾ ਨੇੜੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸਥਾਨਕ ਸੰਗਤਾਂ ਦਿਨ-ਰਾਤ ਧੁੱਸੀ ਬੰਨ੍ਹ ਬਚਾਉਣ ਵਿੱਚ ਜੁਟੀਆਂ ਹੋਈਆਂ ਹਨ, ਪਰ ਲਗਾਤਾਰ ਬਾਰਿਸ਼ ਅਤੇ ਵਧਦੇ ਪਾਣੀ ਦੇ ਪੱਧਰ ਨੇ ਖਤਰਾ ਵਧਾ ਦਿੱਤਾ ਹੈ। ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਵਿੱਚ ਵੀ ਭਾਰੀ ਮੀਂਹ ਅਤੇ ਰਣਜੀਤ ਸਾਗਰ ਡੈਮ ਵਿੱਚ ਵਧਦੇ ਪਾਣੀ ਦੇ ਪੱਧਰ ਨੇ ਰਾਵੀ ਦਰਿਆ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ, ਜਿਸ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ। ਪੋਂਗ ਡੈਮ ਤਲਵਾੜਾ ਅਤੇ ਪਠਾਨਕੋਟ ਦੇ ਚੱਕੀ ਪੁਲ ਤੋਂ ਆਏ ਪਾਣੀ ਨੇ ਮੁਕੇਰੀਆਂ ਦੇ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਵਿੱਚ ਵਿਆਪਕ ਨੁਕਸਾਨ ਕੀਤਾ।

ਪਿੰਡ ਮਹਿਤਾਬਪੁਰ ਅਤੇ ਕੋਲੀਆਂ 418 ਵਿੱਚ ਧੁੱਸੀ ਬੰਨ੍ਹ ਟੁੱਟਣ ਕਾਰਨ ਘਰਾਂ ਵਿੱਚ ਪਾਣੀ ਵੜ ਗਿਆ, ਜਿਸ ਨਾਲ ਘਰਾਂ ਦੀਆਂ ਕੰਧਾਂ ਅਤੇ ਸਰਕਾਰੀ ਸਕੂਲ ਮਹਿਤਾਬਪੁਰ ਦੀ ਕੰਧ ਵੀ ਢਹਿ ਗਈ। ਸਥਾਨਕ ਸਰਪੰਚ ਮਨਜਿੰਦਰ ਸਿੰਘ, ਮਹਿਲ ਸਿੰਘ, ਸਤਨਾਮ ਸਿੰਘ, ਅਤੇ ਹੋਰਨਾਂ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈ, ਜਿਸ ਨੇ ਵੱਡਾ ਨੁਕਸਾਨ ਕੀਤਾ।

ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਿਆਵਾਂ ਦੇ ਨਾਲ ਲੱਗਦੀਆਂ ਧੁੱਸੀਆਂ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਨੁਕਸਾਨ ਰੋਕਿਆ ਜਾ ਸਕੇ।

ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 741.20 ਗੇਜ ਅਤੇ 1 ਲੱਖ 40 ਹਜ਼ਾਰ 507 ਕਿਊਸਿਕ ‘ਤੇ ਪਹੁੰਚ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਉੱਚਾ ਪੱਧਰ ਹੈ। ਪਠਾਨਕੋਟ ਦੇ ਪਿੰਡ ਕੋਠੀ ਮਨਵਾਲ ਵਿੱਚ ਭਾਰੀ ਮੀਂਹ ਕਾਰਨ ਇੱਕ ਦੋਮੰਜ਼ਿਲਾ ਇਮਾਰਤ ਦਾ ਵੱਡਾ ਹਿੱਸਾ ਡੁੱਬ ਗਿਆ। ਘਰ ਦੇ ਮਾਲਕ ਸਤੀਸ਼ ਕੁਮਾਰ ਨੇ ਸਮੇਂ ਸਿਰ ਪਰਿਵਾਰ ਸਮੇਤ ਬਾਹਰ ਨਿਕਲ ਕੇ ਜਾਨੀ ਨੁਕਸਾਨ ਤੋਂ ਬਚਾਅ ਕੀਤਾ। ਇਰੀਗੇਸ਼ਨ ਵਿਭਾਗ ਨੇ ਚਿਤਾਵਨੀ ਦਿੱਤੀ ਕਿ ਪਾਣੀ ਦਾ ਵਧਦਾ ਪੱਧਰ ਚਿੰਤਾ ਦਾ ਵਿਸ਼ਾ ਹੈ।

 

 

Exit mobile version