ਚੰਡੀਗੜ੍ਹ : ਉੱਤਰੀ ਪੱਛਮੀ ਭਾਰਤ ਵਿੱਚ ਪੱਛਮੀ ਗੜਬੜੀ ਦੇ ਆਉਣ ਨਾਲ ਅਸਮਾਨ ਉੱਤੇ ਬੱਦਲਵਾਈ ਛਾ ਗਈ ਹੈ। ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਇਸ ਖੇਤਰ ਵਿੱਚ ਮੀਂਹ ਪੈਣ ਦੀ ਗਤੀਵਿਧੀ ਵਿੱਚ ਵਾਧਾ ਹੋਵੇਗਾ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 2-3 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ। ਇਹ ਜਾਣਕਾਰੀ ਚੰਡੀਗੜ ਮੌਸਮ ਵਿਭਾਗ ਨੇ ਸਾਂਝੀ ਕੀਤੀ ਹੈ।
17 ਤੋਂ 21 ਮਾਰਚ 2023 ਤੱਕ ਮੀਂਹ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਝੱਖੜ ਆਉਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ।
ਚੰਡੀਗੜ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਕਿਸਾਨਾਂ ਨੂੰ ਸਲਾਹ
ਕਣਕ ਦੀ ਫਸਲ ਵਿੱਚ ਕੀਟਨਾਸ਼ਕ, ਖਾਦ ਅਤੇ ਸਿੰਜਾਈ ਕਰਨਾ ਫਿਲਹਾਲ ਮੁਲਤਬੀ ਕਰੋ। ਸਰੋਂ ਦੀ ਫਸਲ ਦੀ ਵਾਢੀ ਵੀ ਅੱਗੇ ਪਾਉਣ ਅਤੇ ਕੱਟੀ ਹੋਈ ਫਸਲ ਨੂੰ ਸੁਰੱਖਿਅਤ ਜਗ੍ਹਾ ਉੱਤੇ ਰੱਖੋ।ਮੌਸਮ ਸਬੰਧੀ ਤਾਜ਼ਾ ਜਾਣਕਾਰੀ ਲਈ ‘ਦ ਖ਼ਾਲਸ ਟੀਵੀ’ ਨਾਲ ਜੁੜੇ ਰਹੋ। ਵਾਢੀ ਦੇ ਸੀਜਨ ਦੌਰਾਨ ਲਗਾਤਾਰ ਕਿਸਾਨਾਂ ਨੂੰ ਮੌਸਮ ਦੀ ਅਗਾਊਂ ਸੂਚਨਾ ਦੇਵਾਂਗੇ ਤਾਂਕਿ ਵੱਡੇ ਨੁਕਸਾਲ ਤੋਂ ਬਚਾਅ ਹੋ ਸਕੇ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਦੇ ਅਨੁਸਾਰ, ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਨਾਲੋਂ 4.9 ਡਿਗਰੀ ਵੱਧ ਸੀ। ਪਟਿਆਲਾ 34.0 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਜਦਕਿ ਹੁਸ਼ਿਆਰਪੁਰ ਦਾ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ, ਅੰਮ੍ਰਿਤਸਰ ਦਾ 30.2, ਲੁਧਿਆਣਾ ਦਾ 31.4, ਬਠਿੰਡਾ ਦਾ 30.6, ਫਿਰੋਜ਼ਪੁਰ ਦਾ 30.2 ਡਿਗਰੀ ਦਰਜ ਕੀਤਾ ਗਿਆ।