ਚੰਡੀਗੜ੍ਹ : ਮਾਰਚ ਮਹੀਨੇ ਦੇ ਆਖਿਰ ਦਿਨਾਂ ਵਿੱਚ ਇੱਕ ਵਾਰ ਫਿਰ ਮੌਸਮ ਨੇ ਤਬਾਹੀ ਮਚਾ ਦਿੱਤੀ। ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਕਈ ਥਾਵਾਂ ‘ਤੇ ਮੀਂਹ ਅਤੇ ਗੜੇਮਾਰੀ ਹੋਈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਸਵੇਰ ਤੋਂ ਸ਼ਾਮ ਤੱਕ ਪਏ ਮੀਂਹ, ਕਈ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ।
ਇਸਦੇ ਨਾਲ ਸਰੋਂ ਅਤੇ ਸਬਜ਼ੀਆਂ ਦੀ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਹੈ। ਹੁਣ ਤੱਕ ਪ੍ਰਾਪਤ ਸੂਚਨਾ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਸਭ ਤੋਂ ਵੱਧ ਨੁਕਸਾਨ ਹੋਣ ਦੀ ਖ਼ਬਰ ਹੈ।
ਮਲੋਟ ਅਤੇ ਫ਼ਾਜ਼ਿਲਕਾ ਇਲਾਕੇ ਵਿੱਚ ਭਾਰੀ ਤਬਾਹੀ
ਮਲੌਟ ਤੇ ਅਬੋਹਰ ਖੇਤਰ ‘ਚ ਐਨੀ ਤਬਾਹੀ ਹੋਈ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਮਲੋਟ ਅਤੇ ਫ਼ਾਜ਼ਿਲਕਾ ਇਲਾਕੇ ਵਿੱਚ ਕਈ ਥਾਈਂ ਗੜੇ ਪਏ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਈ ਖ਼ਿੱਤਿਆਂ ਵਿਚ ਝੱਖੜ ਕਰਕੇ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ। ਖੇਤਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਵਾਢੀ ਹੋ ਗਈ ਹੋਵੇ। ਕਈ ਜ਼ਗਾ ਤਾਂ ਪਾਣੀ ਵਿੱਚ ਫ਼ਸਲ ਡੁੱਬੀ ਗਈ ਹੈ। ਇੰਝ ਲੱਗ ਰਿਹਾ ਹੈ ਕਿ ਸਭ ਕੁੱਝ ਤਬਾਹ ਹੋ ਹੋਵੇ। ਕਣਕ ਤਾਂ ਦੂਰ ਦੀ ਗੱਲ ਪਸ਼ੂਆਂ ਲਈ ਤੂੜੀ ਨਿਕਲਣਾ ਵੀ ਔਖਾ ਦਿਸ ਰਿਹਾ ਹੈ।
ਇੰਨਾ ਹੀ ਨਹੀਂ ਸ਼ੁੱਕਰਵਾਰ ਨੂੰ ਫਾਜ਼ਿਲਕਾ ‘ਚ ਆਏ ਵਵਰੋਲੇ ਨੇ ਵੀ ਭਾਰੀ ਤਬਾਹੀ ਮਚਾਈ। ਇਸ ਕਾਰਨ ਮਕਾਨਾਂ ਦੀਆਂ ਕੰਧਾਂ ਡਿੱਗ ਗਈਆਂ ਅਤੇ ਲੋਕ ਜ਼ਖਮੀ ਹੋ ਗਏ। ਬਾਗਾਂ ਵਿੱਚ ਉੱਖੜੇ ਦਰੱਖਤ ਹਵਾ ਵਿੱਚ ਲਹਿਰਾਉਂਦੇ ਦੇਖੇ ਗਏ।ਕਣਕ ਅਤੇ ਸਰ੍ਹੋਂ ਦੇ ਕੰਨ ਟੁੱਟ ਗਏ। ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ ਵਿੱਚ ਤੂਫ਼ਾਨ ਆਉਣ ਕਾਰਨ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਤੂਫ਼ਾਨ ਕਾਰਨ ਦਰੱਖ਼ਤਾਂ ਅਤੇ ਕਿੰਨੂਆਂ ਦੇ ਬਾਗਾਂ ਦਾ ਉਜਾੜਾ ਹੋ ਗਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਫ਼ਸਲ ’ਤੇ ਗੜੇ ਪਏ ਹਨ, ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
‘ਮੇਰੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ’ : ਸੀਐੱਮ ਮਾਨ
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲਗਾਤਾਰ ਮੀਂਹ, ਤੂਫਾਨ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਮੀਂਹ ਕਾਰਨ ਜਿਨ੍ਹਾਂ ਦਾ ਘਰ ਢਹਿ ਗਿਆ ਹੈ, ਉਸ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਅਤੇ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
CM ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਫਸਲਾਂ, ਬਾਗਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ ਓਥੇ ਸਪੈਸ਼ਲ ਗਿਰਦਾਵਰੀ ਹਫ਼ਤੇ ਦੇ ਅੰਦਰ ਕਰਕੇ ਰਿਪੋਰਟ ਦੇਣ ਲਈ ਨਿਰਦੇਸ਼ ਦੇ ਦਿੱਤੇ ਹਨ..ਮੇਰੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ..ਹੌਸਲਾ ਅਤੇ ਯਕੀਨ ਰੱਖੋ ਸਰਕਾਰ ਤੁਹਾਡੇ ਨਾਲ ਹੈ।
26 ਮਾਰਚ ਤੋਂ ਮੌਸਮ ਖੁਸ਼ਕ ਹੋ ਜਾਵੇਗਾ
ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ ਅਗਲੇ ਚਾਰ ਦਿਨ ਮੌਸਮ ਖੁਸ਼ਕ ਰਹੇਗਾ। ਯਾਨੀ 25 ਮਾਰਚ ਤੋਂ ਲੈ ਕੇ 28 ਮਾਰਚ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ ਅਤੇ ਮੌਸਮ ਸਾਫ ਰਹੇਗਾ। ਹੁਣ ਕਿਸਾਨ ਇਨ੍ਹਾਂ ਦਿਨਾਂ ਵਿੱਚ ਆਪਣੀ ਖੇਤੀ ਨਾਲ ਜੁੜੇ ਸਾਰੇ ਬਾਹਰੀ ਕੰਮ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਵਾਰ 34.90 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੈ। ਮਾਰਚ ਮਹੀਨੇ ਕਣਕ ਪੱਕਣ ਵੱਲ ਵਧ ਰਹੀ ਸੀ। ਪਹਿਲਾਂ ਫਰਵਰੀ ਮਹੀਨੇ ਵਿੱਚ ਵਧੇ ਤਾਪਮਾਨ ਨੇ ਫ਼ਸਲ ਨੂੰ ਪ੍ਰਭਾਵਿਤ ਕੀਤਾ ਅਤੇ ਹੁਣ ਮੀਂਹ ਤੇ ਝੱਖੜ ਨੇ ਫ਼ਸਲਾਂ ਖੇਤਾਂ ਵਿੱਚ ਵਿਛਾ ਦਿੱਤੀਆਂ ਹਨ।