‘ਦ ਖ਼ਾਲਸ ਬਿਊਰੋ :- ਪਿਛਲੇ ਲਗਪਗ ਦੋ ਮਹੀਨਿਆਂ ਤੋਂ ਕੇਂਦਰ ਸਰਕਾਰ ਖ਼ਿਲਾਫ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵਿੱਢੇ ਗਏ ਸੰਘਰਸ਼ ਕਾਰਨ ਬੰਦ ਪਈ ਰੇਲ ਸੇਵਾ ਨੂੰ ਅੱਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਉੱਤਰੀ ਰੇਲਵੇ ਨੇ ਪੰਜਾਬ ਵਿੱਚ ਰੇਲ ਮਾਰਗਾਂ ਦੀ ਜਾਂਚ ਆਰੰਭ ਕਰਨ ਤੋਂ ਬਾਅਦ ਰੇਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਦਿੱਲੀ ਤੋਂ ਜਾਖ਼ਲ ਹੋ ਕੇ ਮਾਨਸਾ ਰਾਹੀਂ ਇੱਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵਿੱਚ ਪੁੱਜ ਗਈ ਹੈ। ਇਸ ਰੇਲਗੱਡੀ ਦੇ ਪੁੱਜਣ ਦੀ ਪੁਸ਼ਟੀ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ।
ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੀ ਜਾਂਚ ਉਪਰੰਤ ਦਿੱਤੀ ਰੇਲਾਂ ਚਲਾਉਣ ਦੀ ਹਰੀ ਝੰਡੀ ਤਹਿਤ ਇਹ ਟਰੇਨਾਂ ਆਰੰਭ ਹੋਈਆਂ ਹਨ। ਫਿਰੋਜ਼ਪੁਰ ਦੇ ਡੀਆਰਐਮ ਰਾਜੇਸ਼ ਅੱਗਰਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਮੁਸਾਫ਼ਰ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਤਹਿਤ ਅੱਜ ਸ਼ਾਮ ਨੂੰ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਮੁਸਾਫ਼ਰ ਗੱਡੀ ਚਲਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਕੇਂਦਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿੱਚ ਰੇਲ ਆਵਾਜਾਈ ਠੱਪ ਕੀਤੀ ਗਈ ਸੀ। ਇਨ੍ਹਾਂ ਰੇਲ ਗੱਡੀਆਂ ਨੂੰ ਬੰਦ ਕਰਨ ਲਈ ਪਹਿਲਾਂ ਕਿਸਾਨਾਂ ਨੇ ਮੋਰਚਾ ਲਾਇਆ ਸੀ, ਮਗਰੋਂ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਨਾਲ ਇਨ੍ਹਾਂ ਨੂੰ ਬੰਦ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਪੰਜਾਬ ਵਿੱਚ 23 ਨਵੰਬਰ ਤੋਂ 15 ਦਿਨਾਂ ਲਈ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਨੂੰ ਲਾਂਘਾ ਦੇਣ ਦੀ ਹਾਮੀ ਭਰ ਦਿੱਤੀ ਸੀ। ਇਸ ਤੋਂ ਬਾਅਦ ਉੱਤਰੀ ਰੇਲਵੇ ਨੇ ਅੱਜ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।