ਅਬੋਹਰ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਰਾਜਸਥਾਨ ਨੂੰ ਦਰਿਆਈ ਪਾਣੀ ਦੇਣ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ ਮੋਰਚਾ ਖੋਲ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿੱਚ ਸੁਖਬੀਰ ਸਿੰਘ ਬਾਦਲ ( Sukhbir Singh badal ) ਦੀ ਅਗਵਾਈ ਹੇਠ ਧਰਨਾ ਦਿੱਤਾ ਜਾ ਰਿਹਾ ਹੈ। ਭਾਰੀ ਗਿਣਤੀ ਵਿੱਚ ਲੋਕ ਇੱਤੇ ਇੱਕਠੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਲੀਡਰ ਵੀ ਸੁਖਬੀਰ ਬਾਦਲ ਨਾਲ ਇੱਥੇ ਮੌਜੂਦ ਹਨ।
ਇਸੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਸੀ ਵਕਤ ਉਨ੍ਹਾਂ ਨੇ ਇਹ ਫੈਸਲਾ ਕਰ ਲਿਆ ਸੀ ਅਕਾਲੀ ਦਲ ਵੱਲੋਂ ਪੰਜਾਬੀਆਂ ਦੇ ਹੱਕ ਵਿੱਚ ਅਬੋਹਰ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ।
ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਵਿੱਚ ਆਪਣੀ ਪਾਰਟੀ ਨੂੰ ਖੜ੍ਹਾ ਕਰਨ ਲਈ ਪੰਜਾਬ ਦੇ ਲੋਕਾਂ ਦੀ ਵਰਤੋਂ ਕਰ ਰਹੀ । ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਵਿੱਚੋਂ 750 ਕਰੋੜ ਰੁਪਏ ਲੈ ਕੇ ਜਿਸ ਜਿਸ ਸੂਬੇ ਵਿੱਚ ਵੋਟਾਂ ਹੁੰਦੀਆਂ ਹਨ ਉੱਥੇ ਆਪਣੇ ਝੂਠ ਦੇ ਇਸ਼ਤਿਹਾਰ ਲਗਾਉਂਦੀ ਹੈ।
ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਵਿੱਚੋਂ ਪਾਣੀ ਖਤਮ ਹੋ ਗਿਆਂ ਤਾਂ ਰਾਜਸਥਾਨ ਤੇ ਪੰਜਾਬ ਵਿੱਚ ਕੋਈ ਫ਼ਰਕ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬੀਆਂ ਪ੍ਰਤੀ ਕੋਈ ਵੀ ਲਗਾਵ ਨਹੀਂ ਹੈ। ਪੰਜਾਬ ਵਿੱਚ ਜੋ ਵੀ ਹੁਕਮ ਜਾਰੀ ਹੁੰਦੇ ਹਨ ਉਹ ਸਾਰੇ ਫੈਸਲੇ ਕੇਜਰੀਵਾਲ ਕਰਦਾ ਹੈ।
ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਰਾਜਸਥਾਨ ਦੀਆਂ ਵੋਟਾਂ ਜਿੱਤਣ ਲਈ ਪੰਜਾਬ ਦੇ ਪਾਣੀਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਹਰ ਸੂਬੇ ਵਿੱਚ ਜਾ ਕੇ ਝੂਠ ਦਾ ਸਹਾਰਾ ਲੈ ਕੇ ਵੋਟਾਂ ਮੰਗਦੀ ਹੈ ਪਰ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕਾ ਦੇ ਲੋਕਾਂ ਨੂੰ ਇਨ੍ਹਾਂ ਦੇ ਇਸ ਝੂਠ ਦੀ ਸਮਝ ਆ ਚੁੱਕੀ ਸੀ। ਉਨ੍ਹਾਂ ਨੇ ਮ ਆਦਮੀ ਪਾਰਟੀ ਨੇ ਕੇਵਲ ਇੱਕ ਸਾਲ ਵਿੱਚ ਹੀ ਸੂਬੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਾਡਾ ਸੂਬਾ ਤਰੱਕੀ ਪੱਖੋਂ ਸਭ ਤੋਂ ਪਿੱਛੇ ਚਲਾ ਗਿਆ ਜਦੋਂਕਿ ਦੂਜੇ ਸੂਬੇ ਤਰੱਕੀ ਵੱਲ ਵੱਧ ਰਹੇ ਹਨ। ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਮੀਡੀਆ ਨੂੰ ਡਰਾਇਆ ਅਤੇ ਧਮਾਕਿਆ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਸਰਕਾਰ ਖ਼ਿਲਾਫ਼ ਬੋਲਣ ਵਾਲੇ ਚੈਨਲਾਂ ਨੂੰ ਧਮਕਿਆ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਇਸ ਦੇ ਨਾਲ ਹੀ ਕਰਨਾਟਕ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਪੂਰੇ ਭਾਰਤ ਵਿੱਚ ਇਨ੍ਹਾਂ ਨੂੰ ਕੋਈ ਝੱਲ ਨਹੀਂ ਰਿਹਾ ਤਾਂ ਅਸੀਂ ਕਿਉਂ ਝੱਲ ਰਹੇ ਹਾਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਭਾਵੇਂ ਜਾਨ ਦੇਣੀ ਪੈ ਜਾਵੇ ਅਸੀਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿਆਂਗੇ। ਜੇ ਅਕਾਲੀ ਦਲ ਨਾ ਹੁੰਦਾ ਤਾਂ ਐਸਵਾਈਐਲ ਨਹਿਰ ਬਣ ਜਾਂਦੀ ਤੇ ਸਾਡਾ ਪਾਣੀ ਹਰਿਆਣੇ ਕੋਲ ਹੁੰਦਾ ਉਸ ਸਮੇਂ ਕਾਂਗਰਸ ਨੇ ਨਹਿਰ ਲਈ ਫੌਜ ਲਾ ਦਿੱਤੀ ਸੀ ਤੇ ਉਹ ਕੰਮ ਰੋਕਿਆ ਸਿਰਫ ਤੇ ਸਿਰਫ ਅਕਾਲੀ ਦਲ ਨੇ ਸੀ ਤੇ ਅੱਜ ਤਕ ਨਹਿਰ ਦਾ ਕੰਮ ਰੁਕਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹੋ ਜਿਹੀ ਮਾੜੀ ਸਰਕਾਰ ਕਦੇ ਵੀ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਜੋ ਹਮੇਸ਼ਾਂ ਹੀ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਆਮ ਲੋਕਾਂ ਦੇ ਹੱਕਾਂ ਵਾਸਤੇ ਲੜਨ ਲਈ ਖੜ੍ਹੀ ਰਹਿੰਦੀ ਹੈ। ਉਨਾਂ ਨੇ ਕਿਹਾ ਕਿ ਵਿਕਾਸ ਦਾ ਦੂਜਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ ਹੈ। ਬਾਦਲ ਨੇ ਕਿਹਾ ਕਿ ਜੇਕਰ ਹੋਰ 15 ਸਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਤਾਂ ਪੰਜਾਬੀ ਬਿਹਾਰ ਵਿੱਚ ਝੋਨਾ ਲਾਉਣ ਜਾਇਆ ਕਰਨਗੇ।